ਸੁਖਦੇਵ ਸਿੰਘ ਸ਼ਾਂਤ ਸਿੱਖ ਧਰਮ ਦਾ ਮੁੱਦਈ ਲੇਖਕ ਹੈ, ਹੁਣ ਤੱਕ ਉਸ ਦੀਆਂ 11 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 5 ਬਾਲ ਸੰਗ੍ਰਹਿ, 3 ਗੁਰਮਤਿ ਸਾਹਿਤ, ਤਿੰਨ ਕਹਾਣੀ ਸੰਗ੍ਰਹਿ ਅਤੇ ਇੱਕ ਕਾਵਿ ਸੰਗ੍ਰਹਿ ਸ਼ਾਮਲ ਹਨ। ਗੁਰਬਾਣੀ : ਇੱਕ ਜੀਵਨ -ਜਾਚ ਉਸਦੀ 12ਵੀਂ ਪੁਸਤਕ ਹੈ। ਇਹ ਪੁਸਤਕ ਦੋ ਭਾਗਾਂ ਵਿੱਚ ਵੰਡੀ ਹੋਈ ਹੈ, ਜਿਸ ਵਿੱਚ 26 ਲੇਖ ਹਨ। ਭਾਗ (ੳ) ਵਿੱਚ ਗੁਰਬਾਣੀ ਸਿਧਾਂਤ ਨਾਲ ਸੰਬੰਧਤ 14 ਅਤੇ (ਅ) ਭਾਗ ਵਿੱਚ ਗੁਰਬਾਣੀ ਅਧਿਐਨ ਨਾਲ ਸੰਬੰਧਤ 12 ਲੇਖ ਸ਼ਾਮਲ ਹਨ। ਇਸ ਪੁਸਤਕ ਵਿੱਚ ਗੁਰਮਤਿ ਦੇ ਸਿਧਾਂਤਾਂ ਅਤੇ ਸੰਕਲਪਾਂ ਨਾਲ ਸੰਬੰਧਤ ਵਿਸ਼ੇ ਲਏ ਗਏ ਹਨ। ਲੇਖਕ ਨੇ ਆਪਣੇ ਸਾਰੇ ਲੇਖਾਂ ਵਿੱਚ ਗੁਰਬਾਣੀ ਵਿੱਚੋਂ ਉਦਾਹਰਨਾ ਦੇ ਕੇ ਸਾਬਤ ਕੀਤਾ ਹੈ ਕਿ ਗੁਰਬਾਣੀ ਹੀ ਜੀਵਨ- ਜਾਚ ਹੈੈ। ਇਹ ਪੁਸਤਕ ਇਸ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਪ੍ਰਦਾਨ ਕਰਦੀ ਹੈ। ਪਹਿਲਾ ਲੇਖ ‘ਮਨੁੱਖ ਆਤਮਾ ਕਿ ਸਰੀਰ’ ਸਿਰਲੇਖ ਵਾਲਾ ਹੈ, ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਮਨੁੱਖ ਆਤਮਾ ਕਿ ਸਰੀਰ ਬਾਰੇ ਦ੍ਰਿਸ਼ਟੀਕੋਣ ਦਿੱਤੇ ਗਏ ਹਨ ਪ੍ਰੰਤੂ ਅਖ਼ੀਰ ਵਿੱਚ ਸਿੱਖ ਸਿਧਾਂਤ ਦਾ ਪ੍ਰਗਟਾਵਾ ਕੀਤਾ ਗਿਆ ਹੈ। ਗੁਰਮਤਿ ਅਨੁਸਾਰ ਮਨੁੱਖ ਦੇ ਤਿੰਨ ਪੱਖ ਤਨ, ਮਨ ਅਤੇ ਆਤਮਾ ਹਨ। ਗੁਰਮਤਿ ਦਾ ਦ੍ਰਿਸ਼ਟੀਕੋਣ ਸਮੁੱਚਤਾ ਦਾ ਦ੍ਰਿਸ਼ਟੀਕੋਣ ਹੈ, ਭਾਵੇਂ ਤਿੰਨਾ ਦੀ ਆਪੋ ਆਪਣੀ ਮਹੱਤਤਾ ਹੈ ਪ੍ਰੰਤੂ ਤਿੰਨਾ ਪੱਖਾਂ ਦੀ ਸੁਮੇਲਤਾ ਹੀ ਸੰਪੂਰਨ ਮਨੁੱਖ ਬਣਾਉਂਦੀ ਹੈ। ਪੁਸਤਕ ਦਾ ਦੂਜਾ ਲੇਖ ‘ਆਪੁ ਪਛਾਣੈ ਸੋ ਸਭਿ ਗੁਣ ਜਾਣੈ’ ਹੈ ਜਿਸ ਵਿੱਚ ਦੱਸਿਆ ਹੈ, ਗੁਰਮਤਿ ਅਨੁਸਾਰ ਜਦੋਂ ਮਨੁੱਖ ਆਪਣਾ ਮੂਲ ਪਛਾਣ ਲੈਂਦਾ ਹੈ ਤਾਂ ਉਹ ਪੂਰਨ ਮਨੁੱਖ ਬਣ ਜਾਂਦਾ ਹੈ। ਹਰ ਇਨਸਾਨ ਗ਼ਲਤੀ ਦਾ ਪੁਤਲਾ ਹੈ, ਗ਼ਲਤੀ ਦੀ ਪਛਾਣ ਕਰਕੇ ਤਿਆਗ ਦੀ ਭਾਵਨਾ ਪੈਦਾ ਕਰ ਲਵੇ ਫਿਰ ਉਹ ਸਫਲ ਹੋ ਸਕਦਾ। ਗੁਰਮਤਿ ਅਨੁਸਾਰ ਔਗੁਣਾ ਦਾ ਅਹਿਸਾਸ ਕਰਕੇ ਆਪਣੇ ਅੰਦਰੋਂ ਦੁਸ਼ਟ ਨੂੰ ਮਾਰਨਾ ਤੇ ਹਓਮੈ ਨੂੰ ਤਿਆਗਣ ਨਾਲ ਆਪੇ ਦੀ ਪਛਾਣ ਹੋ ਸਕਦੀ ਹੈ। ਤੀਜਾ ਲੇਖ ‘ਸੁਚਿ ਹੋਵੈ ਤ ਸਚੁ ਪਾਈਐ’ ਗੁਰਮਤਿ ਅਨੁਸਾਰ ਸਰੀਰ ਅਤੇ ਮਨ ਦੋਵੇਂ ਨਿਰਮਲ ਹੋਣੇ ਚਾਹੀਦੇ ਹਨ, ਭਾਵ ਸਰੀਰ ਸਾਫ਼ ਸੁਧਰਾ ਸਫ਼ਾਈ ਪੱਖੋਂ ਅਤੇ ਮਨ ਵਿੱਚ ਕੋਈ ਗ਼ਲਤ ਵਿਚਾਰ ਨਹੀਂ ਹੋਣੇ ਚਾਹੀਦੇ। ਸਰੀਰ ਅਤੇ ਮਨ ਦਾ ਸੱਚਾ ਇਨਸਾਨ ਪਰਮ ਮਨੁੱਖ ਹੁੰਦਾ ਹੈ। ‘ਸਚੁ ਸਭਨਾ ਹੋਇ ਦਾਰੂ’ ਲੇਖ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਇਨਸਾਨ ਸਚੁ ਦੇ ਮਾਰਗ ‘ਤੇ ਚਲੇਗਾ ਤਾਂ ਸਫ਼ਲਤਾ ਮਿਲਦੀ ਹੈ, ਕਿਸੇ ਕਿਸਮ ਦੀ ਚਿੰਤਾ ਨਹੀਂ ਰਹਿੰਦੀ। ਗੁਰਬਾਣੀ ਸਚੁ ਦੇ ਮਾਰਗ ‘ਤੇ ਚਲਣ ਦੀ ਪ੍ਰੇਰਨਾ ਦਿੰਦੀ ਹੈ। ‘ਗੁਰਮਤਿ ਅਤੇ ਤਿਆਗ’ ਲੇਖ ਵਿੱਚ ਗੁਰਬਾਣੀ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਤਿਆਗਣ ਲਈ ਕਹਿੰਦੀ ਹੈ ਪ੍ਰੰਤੂ ਤਿਆਗ ਵਿੱਚ ਸਰੀਰਕ ਕਸ਼ਟ ਤੋਂ ਦੂਰ ਰਹਿਣਾ ਜ਼ਰੂਰੀ ਹੈ। ਕਿਰਤ ਕਰਦਿਆਂ ਹੀ ਇਨ੍ਹਾਂ ਅਲਾਮਤਾਂ ਤੋਂ ਤਿਆਗ ਕੀਤਾ ਜਾ ਸਕਦਾ ਹੈ। ‘ਸੰਗਤ ਅਤੇ ਮਨੁੱਖੀ ਵਿਕਾਸ’ ਲੇਖ ਵਿੱਚ ਦੱਸਿਆ ਗਿਆ ਹੈ ਕਿ ਗੁਰਬਾਣੀ ਵਿੱਚ ਸੰਗਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਚੰਗੀ ਸੰਗਤ ਵਿੱਚ ਵਿਚਰਦਿਆਂ ਮਨੁੱਖ ਦਾ ਆਤਮਿਕ, ਬੌਧਿਕ, ਨੈਤਿਕ ਅਤੇ ਸਮਾਜਿਕ ਵਿਕਾਸ ਹੁੰਦਾ ਹੈ। ਮਨ ਦੀ ਮੈਲ ਦੂਰ ਹੋ ਜਾਂਦੀ ਹੈ, ਜਿਸ ਨਾਲ ਆਤਮਿਕ ਵਿਕਾਸ ਹੁੰਦਾ ਹੈ। ‘ਵਿੱਦਿਆ ਦਾ ਮਨੋਰਥ’ ਗੁਰਮਤਿ ਅਨੁਸਾਰ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’॥ ਜਿਹੜੀ ਵਿਦਿਆ ਮਨੁੱਖ ਨੂੰ ਪਰਉਪਕਾਰੀ ਅਰਥਾਤ ਦੂਜਿਆਂ ਦਾ ਭਲਾ ਕਰਨ ਵਾਲੀ ਤੇ ਵੀਚਾਰ ਕਰਨ ਵਾਲਾ ਬਣਾਉਂਦੀ ਹੈ ਉਹੀ ਵਿੱਦਿਆ ਦਾ ਸਹੀ ਮਨੋਰਥ ਹੁੰਦਾ ਹੈ। ਜੇ ਮਨੁੱਖ ਵੀਚਾਰ ਕਰੇਗਾ ਤਾਂ ਪੰਜੇ ਅਲਾਮਤਾਂ ਤੋਂ ਖਹਿੜਾ ਛੁੱਟ ਜਾਵੇਗਾ। ‘ਭੈ ਕਾਹੂ ਕਉ ਦੇਤ ਨਹਿ. . .’ ਲੇਖ ਵਿੱਚ ਮਨੁੱਖ ਨੂੰ ਭੈ ਮੁਕਤ ਹੋਣ ਦੀ ਸਿੱਖਿਆ ਦਿੰਦਾ ਹੈ। ਗੁਰਮਤਿ ਦਾ ਬੁਨਿਆਦੀ ਸਿਧਾਂਤ ਹੈ ਕਿ ਜ਼ੁਲਮ ਅਤੇ ਅਨਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇ। ਇਸ ਲੇਖ ਵਿੱਚ ਵੀ ਦੱਸਿਆ ਹੈ ਕਿ ਗੁਰੂ ਸਾਹਿਬ ਨੇ ਉਸ ਸਮੇਂ ਦੇ ਰਾਜਿਆਂ ਨੂੰ ਕੁੱਤੇ ਤੱਕ ਕਿਹਾ ਸੀ। ‘ਹਿੰਦੂ ਤੁਰਕ ਦੁਹਹੂੰ ਮਹਿ ਏਕੈ’ ਲੇਖ ਵਿੱਚ ਗੁਰਮਤਿ ਦੀ ਕਸੌਟੀ ਵਿੱਚ ਪਰਮਾਤਮਾ ਇੱਕ ਹੈ, ਭਾਵੇਂ ਉਸਦੇ ਵੱਖ-ਵੱਖ ਨਾਮ ਲਏ ਜਾਂਦੇ ਹਨ। ਸਮਾਜ ਵਿੱਚ ਰਾਜਸੀ ਤੇ ਭੌਤਿਕ ਵਖਰੇਵਾਂ ਹੈ ਪ੍ਰੰਤੂ ਪਰਮਾਤਮਾ ਇੱਕ ਹੈ ਗੁਰਬਾਣੀ ਵਿੱਚ ਅਕਾਲ ਪੁਰਖ ਲਈ ਹਿੰਦਸੇ ਦੇ ਰੂਪ 1 (ਇੱਕ) ਦੀ ਵਰਤੋਂ ਕੀਤੀ ਗਈ ਹੈ। ‘ਸੋ ਕਿਉ ਮੰਦਾ ਆਖੀਐ’ ਲੇਖ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਇਸਤਰੀ ਦੇ ਹੱਕ ਵਿੱਚ ਉਠਾਈ ਗਈ ਆਵਾਜ਼ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਰਾਹੀਂ ਦਰਸਾਇਆ ਗਿਆ ਹੈ ਕਿ ਗੁਰਬਾਣੀ ਇਸਤਰੀ ਨੂੰ ਬਰਾਬਰਤਾ ਦਾ ਦਰਜਾ ਦਿੰਦੀ ਹੈੈ। ‘ਸਿੱਖ ਸੱਭਿਆਚਾਰ ਅਤੇ ਬਾਣੀ’ ਗੁਰਮਤਿ ਅਨੁਸਾਰ ਦਲੇਰੀ, ਦ੍ਰਿੜ੍ਹਤਾ ਅਤੇ ਬਹਾਦਰੀ ਵਾਲਾ ਸਭਿਆਚਾਰ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਹੋਇਆ ਹੁੰਦਾ ਹੈ ਪ੍ਰੰਤੂ ਬੁਰਿਆਈਆਂ ਤੋਂ ਦੂਰ ‘ਤੇ ਚੰਗਿਆਈਆਂ ‘ਤੇ ਪਹਿਰਾ ਦਿੰਦਾ ਹੈ। ਰਹਿਣੀ-ਬਹਿਣੀ, ਖਾਣਾ-ਪੀਣਾ ਅਤੇ ਪਹਿਰਾਵਾ ਵੀ ਸਿੱਖ ਸਭਿਆਚਾਰ ਦੇ ਅੰਗ ਹਨ। ‘ਗੁਰਬਾਣੀ ਅਤੇ ਵਿਸ਼ਵ-ਭਾਈਚਾਰਾ’ ਵਿੱਚ ਸਰਬ–ਵਿਆਪਕਤਾ ਦੇ ਗੁਰਮਤਿ-ਸਿਧਾਂਤ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ ਹੈ। ਸੰਸਾਰ ਇੱਕ ਲੋਕਾਂ ਦਾ ਸਮੂਹ ਅਰਥਾਤ ਭਾਈਚਾਰਾ ਹੈ। ਸਿੱਖ ਸਿਧਾਂਤ ਸਮਾਨਤਾ ਦੇ ਪੱਖ ਤੋਂ ਕੋਈ ਭੇਦ ਭਾਵ ਨਹੀਂ ਰੱਖਦਾ। ਗੁਰੂ ਦਾ ਸਿਧਾਂਤ ਸਰਬ-ਵਿਆਪਕ ਤੇ ਵਿਹਾਰਕ ਹੈ। ‘ਗੁਰਬਾਣੀ ਵਿੱਚ ਕਿਰਤ ਦੀ ਮਹੱਤਤਾ’ ‘ਤੇ ਜ਼ੋਰ ਦਿੱਤਾ ਗਿਆ ਹੈ। ‘ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾ’ ਗੁਰਬਾਣੀ ਦੀ ਸਿਖਿਆ ਹੈ। ਕਿਰਤ ਵੀ ਸੱਚੀ-ਸੁੱਚੀ ਹੋਣੀ ਚਾਹੀਦੀ ਹੈ। ‘ਨਾਨਕ ਚਿੰਤਾ ਮਤਿ ਕਰਹੁ. . .’ ਗੁਰਬਾਣੀ ਵਿੱਚ ਚਿੰਤਾ ਨੂੰ ਚਿਤਾ ਸਮਾਨ ਕਿਹਾ ਗਿਆ ਹੈ।
ਭਾਗ (ਅ) ਵਿੱਚ 12 ਲੇਖ ਹਨ। ਇਹ ਸਾਰੇ ਲੇਖ ਵੀ ਗੁਰਮਤਿ ਵਿਚਾਰਧਾਰਾ ਦੀ ਵਿਆਖਿਆ ਕਰਦੇ ਹਨ। ਇੱਕੀਵੀਂ ਸਦੀ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਾਰਥਿਕ ਤੇ ਸਦੀਵੀ ਹੈ ਕਿਉਂਕਿ ਇਹ ਅਟੱਲ ਸਚਾਈਆਂ ਦਾ ਪ੍ਰਗਟਾਵਾ ਕਰਦੀ ਹੈ। ਸਰਬ-ਸਾਂਝਾ ਅਤੇ ਨਵੀਨਤਾ-ਭਰਪੂਰ ਗ੍ਰੰਥ ਹੈ। ਮੂਲ ਮੰਤਰ ਬਾਰੇ ਦੱਸਿਆ ਗਿਆ ਹੈ ਕਿ ਇਸ ਵਿੱਚ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਅਚਾਰਕ ਲਗਪਗ ਹਰ ਪੱਖ ਦੀ ਬਰਾਬਰਤਾ ਦਾ ਪ੍ਰਗਟਾਵਾ ਹੈ। ਪਰਮਾਤਮਾ ਨਿਰਭਓ ਹੈ। ਜਪੁਜੀ ਸਾਹਿਬ ਵਿੱਚ ਰਹੱਸਵਾਦ ਹੈ। ਰਹੱਸਵਾਦ ਗਿਆਨ-ਇੰਦ੍ਰੀਆਂ ਦੀ ਪਹੁੰਚ ਤੋਂ ਉਪਰਲੇ ਅਨੁਭਵ ਰਾਹੀਂ ਪਰਮਾਤਮਾ ਤੋਂ ਵਿਛੜ ਚੁੱਕੀ ਆਤਮਾ ਨੂੰ ਮੁੜ ਉਸ ਵਿੱਚ ਲੀਨ ਕਰਵਾਉਂਦਾ ਹੈ। ਸੂਰਜ, ਚੰਦ, ਤਾਰੇ ਅਕਾਸ਼, ਪਾਤਾਲ, ਖੰਡ-ਬ੍ਰਹਿਮੰਡ ਆਦਿ ਦਾ ਅਸੀਮ ਦ੍ਰਿਸ਼ ਵਰਣਨ ਕੀਤਾ ਹੈ। ਪਰਮਾਤਮਾ ਦਾ ਅਜੂਨੀ ਅਤੇ ਸੈਭੰ ਹੋਣਾ, ਬ੍ਰਹਿਮੰਡ ਦੀ ਰਚਨਾ ਦਾ ਸਮਾਂ, ਪ੍ਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਪੰਜ ਤੱਤਾਂ ਦੇ ਮੇਲ ਨਾਲ ਸਰੀਰ ਬਣਿਆਂ, ਇਹ ਸਭ ਰਹੱਸਵਾਦੀ ਗੱਲਾਂ ਹਨ। ਜਪੁਜੀ ਵਿੱਚ ਪੰਜ ਖੰਡਾਂ ਦੀ ਅਧਿਆਤਮਿਕਤਾ ਪਹਿਲਾ ਧਰਮ ਖੰਡ ਵਿੱਚ ਜਗਿਆਸੂ ਨੂੰ ਮਹਿਸੂਸ ਹੁੰਦਾ ਹੈ ਕਿ ਸੂਰਜ, ਚੰਦਰਮਾ ਅਤੇ ਧਰਤੀ ਨਿਯਮਾ ਵਿੱਚ ਬੰਨ੍ਹੇ ਹੋਏ ਹਨ। ਆਪੋ ਆਪਣਾ ਧਰਮ ਨਿਭਾ ਰਹੇ ਹਨ। ਗਿਆਨ ਖੰਡ ਵਿੱਚ ਵਿਆਪਕ ਗਿਆਨ ਦੀ ਸੋਝੀ ਹੁੰਦੀ ਹੈ। ਜਗਿਆਸੂ ਦੇ ਮਨ ਵਿੱਚ ਵਿਸ਼ਾਲਤਾ ਆਉਂਦੀ ਹੈ। ਸਰਮ ਖੰਡ ਵਿੱਚ ਮਨ ਦੀ ਘਾੜਤ ਘੜੀ ਜਾਂਦੀ ਹੈ। ਕਰਮ ਖੰਡ ਵਿੱਚ ਮਨ ਨੂੰ ਜਿੱਤਕੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਸੱਚ ਖੰਡ ਪਰਮਾਤਮਾ ਵਿੱਚ ਅਭੇਦ ਹੋਣ ਦੀ ਅਵਸਥਾ ਹੈ। ਇਹ ਪੰਜੇ ਅਵਸਥਾਵਾਂ ਇੱਕ-ਦੂਜੀ ਨਾਲ ਜੁੜੀਆਂ ਹੋਈਆਂ, ਇੱਕਮਿਕਤਾ ਨਾਲ ਓਤ-ਪੋਤ ਹਨ। ਬਾਣੀ ਸਿੱਧ ਗੋਸ਼ਟ ਵਿੱਚ ਸੰਬਾਦ ਦੀ ਜਾਚ ਹੈ। ਇਸ ਵਿੱਚ ਸਿੱਧਾਂ ਨਾਲ ਸੰਬਾਦ ਕਰਕੇ ਜੀਵਨ ਦੀ ਪਵਿਤਰਤਾ ਅਤੇ ਮੁਕਤੀ ਪ੍ਰਾਪਤੀ ਬਾਰੇ ਦੱਸਿਆ ਗਿਆ ਹੈ। ਸੰਬਾਦ ਹੀ ਹਰ ਸਮੱਸਿਆ ਦਾ ਹੱਲ ਕੱਢਦਾ ਹੈ। ਜੀਵਨ ਦਾ ਮਨੋਰਥ ਆਨੰਦ ਦੀ ਪ੍ਰਾਪਤੀ ਹੈ। ਜਿਹੜਾ ਇਨਸਾਨ ਇਛਾਵਾਂ ਤੇ ਬੁਰਿਆਈਆਂ ਤਿਆਗ ਦਿੰਦਾ ਹੈ, ਉਸਨੂੰ ਮਾਨਸਿਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਰਹੱਸਵਾਦ ਬਾਰੇ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਅਧਿਆਤਮ ਅਤੇ ਰਹੱਸਵਾਦ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਪ੍ਰਭੂ ਪਿਆਰ ਸਮੁੱਚੇ ਜੀਵਨ ਦੀ ਤਬਦੀਲੀ ਦਾ ਨਾਂ ਹੈ ਤੇ ਤਬਦੀਲੀ ਤੋਂ ਬਾਅਦ ਫਿਰ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸਿੱਖ ਧਰਮ ਵਿੱਚ ਵਿਆਹ ਸੰਸਕਾਰ ‘ਅਨੰਦ ਕਾਰਜ’ ਦੇ ਰੂਪ ਵਿੱਚ ਹੈ। ਪਤੀ-ਪਤਨੀ ਦਾ ਇਸ਼ਟ ਇੱਕ ਕਰਨ, ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ, ਗ੍ਰਹਿਸਤ ਦਾ ਮਨੋਰਥ ਦੱਸਣਾ, ਅਨੰਦ ਕਾਰਜ ਦਾ ਮੰਤਵ ਹੁੰਦਾ ਹੈ। ਵੈਸੇ ਤਾਂ ਸਾਰੀ ਬਾਣੀ ਹੀ ਦਾਰਸ਼ਨਿਕ ਹੈ ਪ੍ਰੰਤੂ ਸੁਖਮਨੀ ਸਾਹਿਬ ਦਾ ਦ੍ਰਿਸ਼ਟੀਕੋਣ ਵੀ ਦਾਰਸ਼ਨਿਕ ਹੈ। ਮਨ ਹੀ ਸਾਰੇ ਪੁਆੜਿਆਂ ਦੀ ਜੜ੍ਹ ਹੈ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨ ਨੂੰ ਕਾਬੂ ਰੱਖਣ ਅਤੇ ਉਸਦੀ ਮਹੱਤਤਾ ਦਾ ਵਰਣਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਹੈ। ਇਸੇ ਤਰ੍ਹਾਂ ਉਨ੍ਹਾਂ ਦਾ ਜਗਤ ਬਾਰੇ ਦ੍ਰਿਸ਼ਟੀਕੋਣ ਵਿੱਚ ਦੱਸਿਆ ਹੈ ਕਿ ਜੀਵਤ ਬੰਦੇ ਦੀ ਹੀ ਕਦਰ ਹੈ, ਮੋਏ ਇਨਸਾਨ ਬਾਰੇ ਤੁਰੰਤ ਭਾਵ ਬਦਲ ਜਾਂਦੇ ਹਨ। ਅਖ਼ੀਰ ਵਿੱਚ ਭੱਟਾਂ ਦੀ ਗੁਰੂ ਸਾਹਿਬਾਨ ਦੀ ਪ੍ਰਸੰਸਾ ਵਿੱਚ ਲਿਖੇ ਸਵੱਈਏਆਂ ਬਾਰੇ ਦੱਸਿਆ ਗਿਆ ਹੈ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਬਿਹਤਰੀਨ ਜੀਵਨ ਜਿਉਣ ਦੀ ਜਾਚ ਦਾ ਆਧਾਰ ਬਣਦੀ ਹੈ।
ਉਜਾਗਰ ਸਿੰਘ
ਸੰਪਰਕ: ਸੁਖਦੇਵ ਸਿੰਘ ਸ਼ਾਂਤ:9814901254
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com