ਸੁਨਾਮ : ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਨਗਰ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਸੁਨਾਮ ਵਿਖੇ ਫਲਾਈਓਵਰ ਤੇ ਪਏ ਖੱਡਿਆਂ ਉੱਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਖੱਡਿਆਂ ਨੂੰ ਇੱਕ ਹਫ਼ਤੇ ਦੇ ਅੰਦਰ ਨਾ ਭਰਿਆ ਤਾਂ ਉਹ ਖੁਦ ਆਪਣੀ ਟੀਮ ਨੂੰ ਨਾਲ ਲੈਕੇ ਫਲਾਈਓਵਰ ਤੇ ਪਏ ਖੱਡਿਆਂ ਨੂੰ ਭਰਨਗੇ। ਉਨ੍ਹਾਂ ਆਖਿਆ ਕਿ ਫਲਾਈਓਵਰ ਤੇ ਪਏ ਖੱਡਿਆਂ ਕਾਰਨ ਹਾਦਸੇ ਵਾਪਰਨ ਦਾ ਡਰ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਪਹਿਲਾਂ ਵੀ ਅਜਿਹਾ ਉਪਰਾਲਾ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਦੀ ਟੀਮ ਵੱਲੋਂ ਕੀਤਾ ਗਿਆ ਸੀ। ਵੀਰਵਾਰ ਨੂੰ ਸੁਨਾਮ ਵਿਖੇ ਨੌਜਵਾਨ ਕਾਂਗਰਸੀ ਆਗੂ ਮਨੀ ਵੜ੍ਹੈਚ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਸੁਨਾਮ ਵੱਲੋਂ ਫਲਾਈਓਵਰ ਦੇ ਹੇਠਾਂ ਖ਼ਾਲੀ ਪਈ ਜਗ੍ਹਾ ਤੇ ਪਾਰਕ ਬਣਾਇਆ ਗਿਆ ਹੈ ਜਿਸਦਾ ਨੇੜੇ ਦੇ ਲੋਕਾਂ ਨੂੰ ਫਾਇਦਾ ਹੋਇਆ, ਉਹ ਸੈਰ ਕਰ ਸਕਦੇ ਹਨ ਇਹ ਚੰਗੀ ਗੱਲ ਹੈ, ਲੇਕਿਨ ਲੋਕਾਂ ਦੀ ਜ਼ਿੰਦਗੀ ਲਈ ਖੌਅ ਬਣੇ ਫਲਾਈਓਵਰ ਤੇ ਪਏ ਖੱਡਿਆਂ ਵੱਲ ਸਰਕਾਰ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਡਾ ਕੰਮ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵਿਰੋਧ ਕਰਨਾ ਨਹੀਂ ਸਗੋਂ ਸਰਕਾਰ ਵੱਲੋਂ ਅਣਗੌਲਿਆਂ ਕੀਤੇ ਜਾ ਰਹੇ ਜ਼ਰੂਰੀ ਕਾਰਜਾਂ ਵੱਲ ਧਿਆਨ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੇ ਨੇੜੇ ਅੰਡਰਬ੍ਰਿਜ ਬਣਨ ਕਾਰਨ ਫਲਾਈਓਵਰ ਸ਼ਹਿਰ ਦਾ ਮੁੱਖ ਮਾਰਗ ਬਣਿਆ ਹੋਇਆ ਹੈ, ਇੰਦਰਾ ਬਸਤੀ, ਮੋਰਾਂਵਾਲੀ , ਜਾਖਲ ਰੋਡ ਵੱਲ ਰਹਿੰਦੇ ਸ਼ਹਿਰ ਦੇ ਵਸਨੀਕਾਂ ਨੂੰ ਫਲਾਈਓਵਰ ਤੋਂ ਲੰਘਣਾ ਪੈਂਦਾ ਹੈ।ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਕਿਹਾ ਕਿ ਵਿਰੋਧੀ ਧਿਰ ਦਾ ਨੁੰਮਾਇੰਦਾ ਹੋਣ ਦੀ ਹੈਸੀਅਤ ਵਿੱਚ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਾ ਮੇਰਾ ਮੁੱਢਲਾ ਫਰਜ਼ ਹੈ, ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਤੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਖਿਲਾਫ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ। ਸ਼ਹਿਰ ਦੀਆਂ ਮੁੱਢਲੀਆਂ ਤੇ ਜ਼ਰੂਰੀ ਸੁਵਿਧਾਵਾਂ ਲਈ ਸੰਘਰਸ਼ ਜਾਰੀ ਰਹੇਗਾ।