ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਨੁਕਸਾਨੀਆਂ ਫ਼ਸਲਾਂ ਦੇ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ। ਜਥੇਬੰਦੀ ਦਾ ਤਰਕ ਹੈ ਕਿ ਸਰਕਾਰ ਫੌਰੀ ਗਿਰਦਾਵਰੀ ਕਰਵਾਏ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੀ ਪਿੰਡ ਉਗਰਾਹਾਂ ਦੇ ਡੇਰਾ ਟੀਕਮ ਦਾਸ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਰਾਮ ਸ਼ਰਨ ਸਿੰਘ ਉਗਰਾਹਾਂ, ਸੁਖਪਾਲ ਸਿੰਘ ਮਾਣਕ ਅਤੇ ਪਾਲ ਸਿੰਘ ਦੌਲੇਵਾਲਾ ਨੇ ਕਿਹਾ ਕਿ ਹਾੜੀ ਦੇ ਸੀਜਨ ਦੌਰਾਨ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਲੱਗਣ ਕਾਰਨ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਇਆ ਹੈ ਸਰਕਾਰ ਫੌਰੀ ਤੌਰ ਤੇ ਗਿਰਦਾਵਰੀ ਕਰਵਾਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਣ ਨੂੰ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਅੱਗ ਲੱਗਣ ਨਾਲ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਨਹੀਂ ਕਰਵਾਈ ਜਦਕਿ ਇਸ ਦੇ ਐਨ ਉਲਟ ਪੰਜਾਬ ਦੇ 92 ਐੱਮ ਐੱਲ ਏ ਸਿੱਖਿਆ ਕ੍ਰਾਂਤੀ ਦੇ ਡਰਾਮੇ ਤਹਿਤ ਪਖਾਨਿਆਂ ਅਤੇ ਸਕੂਲਾਂ ਦੀਆਂ ਪੁਰਾਣੀਆਂ ਇਮਾਰਤਾਂ ਦੇ ਨੀਂਹ ਪੱਥਰ ਰੱਖਣ ਵਿੱਚ ਮਸ਼ਰੂਫ ਹਨ ਬਦਲਾਅ ਲੈਕੇ ਆਉਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸਰਕਾਰ ਡਾਂਗਾਂ ਦਾ ਬਦਲਾਅ ਲਿਆ ਰਹੀ ਹੈ ਹਰ ਰੋਜ਼ ਕਿਸਾਨਾਂ ਅਤੇ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ ਬਠਿੰਡਾ ਜ਼ਿਲ੍ਹੇ ਦੇ ਚਾਉਕੇ ਪਿੰਡ ਵਿੱਚ ਸਥਿਤ ਆਦਰਸ਼ ਸਕੂਲ ਦੇ ਅਧਿਆਪਕਾਂ ਨੇ ਜਦੋਂ ਸਕੂਲ ਵਿੱਚ ਹੁੰਦੇ ਭ੍ਰਿਸ਼ਟਾਚਾਰ ਦੀ ਪੋਲ ਖੋਲੀ ਤਾਂ ਤਾਂ ਭ੍ਰਿਸ਼ਟਾਚਾਰੀਆਂ ਦੀ ਜਗ੍ਹਾ ਔਰਤ ਅਧਿਆਪਕਾਂ ਅਤੇ 13 ਮਹੀਨਿਆਂ ਦੀ ਬੱਚੀ ਨੂੰ ਫੜਕੇ ਜੇਲਾਂ ਵਿੱਚ ਦੇ ਦਿੱਤਾ ਇੱਥੇ ਹੀ ਬੱਸ ਨਹੀਂ ਇਹਨਾਂ ਗਿਰਫਤਾਰੀਆਂ ਦਾ ਵਿਰੋਧ ਜਦੋਂ ਕਿਸਾਨਾਂ ਨੇ ਕੀਤਾ ਤਾਂ ਕਿਸਾਨਾਂ ਨੂੰ ਵੀ ਫੜਕੇ ਜੇਲਾਂ ਵਿੱਚ ਬੰਦ ਕਰ ਦਿੱਤਾ। ਉਨ੍ਹਾਂ ਆਖਿਆ ਕਿ ਜੇਲ੍ਹਾਂ ਵਿੱਚ ਡੱਕੇ ਕਿਸਾਨਾਂ ਦੀ ਫੌਰੀ ਰਿਹਾਈ ਕੀਤੀ ਜਾਵੇ ਅਤੇ ਕੋਆਪਰੇਟਿਵ ਸੁਸਾਇਟੀਆਂ ਤੇ ਬੇਤੁਕੀਆਂ ਸ਼ਰਤਾਂ ਬੰਦ ਕੀਤੀਆਂ ਜਾਣ ਜੇਕਰ ਪੰਜਾਬ ਸਰਕਾਰ ਨੇ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ।