ਸੁਨਾਮ : ਕਾਂਗਰਸ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਹੇ ਅਤੇ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਕਿਹਾ ਕਿ ਸੂਬੇ ਦੀ ਜਨਤਾ ਭਗਵੰਤ ਮਾਨ ਸਰਕਾਰ ਦੇ ਝੂਠ ਅਤੇ ਫਰੇਬ ਦਾ ਜਵਾਬ ਦੇਣ ਲਈ ਤਿਆਰ ਹੈ। ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੂਬੇ ਦੀ ਜਨਤਾ ਡਾਢੀ ਨਰਾਜ਼ ਦਿਖਾਈ ਦੇ ਰਹੀ ਹੈ। ਸੋਮਵਾਰ ਨੂੰ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਈਲਵਾਲ ਵਿਖੇ ਗੱਲਬਾਤ ਕਰਦਿਆਂ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਰਾਜ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਮੁੱਢੋਂ ਵਿਸਾਰ ਦਿੱਤਾ ਹੈ। ਨੌਕਰੀਆਂ ਦੇਣ ਦਾ ਕੋਰਾ ਝੂਠ ਬੋਲਿਆ ਜਾ ਰਿਹਾ ਮਗਰਲੀਆਂ ਸਰਕਾਰਾਂ ਵੱਲੋਂ ਕੀਤੀ ਗਈ ਭਰਤੀ ਦੇ ਨਿਯੁਕਤੀ ਪੱਤਰ ਵੰਡੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਸਰਕਾਰੀ ਨੌਕਰੀਆਂ ਦੇਣ ਲਈ ਬਕਾਇਦਾ ਵਿਧੀ ਵਿਧਾਨ ਬਣਿਆ ਹੋਇਆ ਹੈ। ਅਸਾਮੀਆਂ ਦੀ ਸਿਰਜਣਾ ਕਰਕੇ ਵਿੱਤ ਵਿਭਾਗ ਤੋਂ ਪ੍ਰਵਾਨਗੀ ਲੈਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਨੌਕਰੀਆਂ ਇੱਕਾ ਦੁੱਕਾ ਦਿੱਤੀਆਂ ਗਈਆਂ ਹਨ ਜਦਕਿ ਦਾਅਵਾ ਪੰਜਾਹ ਹਜ਼ਾਰ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਦੇਣ ਦਾ ਕੀਤਾ ਜਾ ਰਿਹਾ ਹੈ। ਕਾਂਗਰਸੀ ਆਗੂ ਰਾਜਾ ਬੀਰਕਲਾਂ ਨੇ ਕਿਹਾ ਕਿ ਸੂਬੇ ਦੀ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਅਤੇ ਸਿੱਖਿਆ ਕ੍ਰਾਂਤੀ ਦਾ ਦੰਡੋਰਾ ਪਿੱਟ ਰਹੀ ਹੈ ਪੁਰਾਣੀਆਂ ਕੰਧਾਂ ਤੇ ਰੋਗਨ ਕਰਕੇ ਉਦਘਾਟਨੀ ਪੱਥਰ ਲਾਏ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸੂਬੇ ਦਾ ਹਰ ਨਾਗਰਿਕ ਸਰਕਾਰ ਨੂੰ ਸਹਿਯੋਗ ਦੇਣ ਲਈ ਤਿਆਰ ਹੈ ਲੇਕਿਨ ਸਰਕਾਰ ਖ਼ੁਦ ਸੁਹਿਰਦਤਾ ਦਿਖਾਵੇ। ਉਨ੍ਹਾਂ ਆਖਿਆ ਕਿ ਸੂਬੇ ਦੀ ਜਨਤਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਦਿਖਾਉਣ ਲਈ ਤਿਆਰ ਹੈ।