ਪੰਜਾਬੀ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਦਿਖਾਉਣ ਲਈ ਬੈਠੇ ਹਨ ਤਿਆਰ
ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਜਿੰਦਰ ਦੀਪਾ ਨੇ ਕਿਹਾ ਕਿ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੇ ਮੌਜੂਦਾ ਭਗਵੰਤ ਮਾਨ ਸਰਕਾਰ ਦਾ ਜ਼ੋਰਦਾਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਤਿੰਨ ਸਾਲ ਪੂਰੇ ਕਰ ਲਏ ਹਨ ਅਤੇ ਅਜੇ ਵੀ ਕ਼ਰੀਬ ਦੋ ਸਾਲ ਬਾਕੀ ਹਨ। ਅਜਿਹੀ ਸਥਿਤੀ ਵਿੱਚ ਇਹ ਵਿਰੋਧ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਗੰਭੀਰ ਰੂਪ ਧਾਰਨ ਕਰੇਗਾ ਅਤੇ ਸਰਕਾਰ ਲਈ ਇਸਦਾ ਜਵਾਬ ਦੇਣਾ ਮੁਸ਼ਕਿਲ ਹੋ ਜਾਵੇਗਾ। ਐਤਵਾਰ ਨੂੰ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਰਾਜਿੰਦਰ ਦੀਪਾ ਨੇ ਕਿਹਾ ਕਿ ਲੋਕਾਂ ਵਿੱਚ ਸਰਕਾਰ ਵਿਰੁੱਧ ਬਹੁਤ ਗੁੱਸਾ ਅਤੇ ਰੋਸ ਹੈ। ਕਿਸਾਨ, ਮਜ਼ਦੂਰ, ਕਰਮਚਾਰੀ, ਬੇਰੁਜ਼ਗਾਰ ਵਰਗ ਆਪਣੇ ਹੱਕਾਂ ਲਈ ਸੜਕਾਂ 'ਤੇ ਹਨ ਅਤੇ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਦੇ ਸਿੱਖਿਆ ਇਨਕਲਾਬ ਦਾ ਸੱਚ ਲੋਕਾਂ ਦੇ ਸਾਹਮਣੇ ਆ ਗਿਆ ਹੈ। ਪੁਰਾਣੀਆਂ ਇਮਾਰਤਾਂ ਦਾ ਉਦਘਾਟਨ ਹੋ ਰਿਹਾ ਹੈ ਅਤੇ ਪੰਜਾਬ ਦੇ ਲੋਕ ਦਿੱਲੀ ਦੇ ਆਗੂਆਂ ਦੀ ਦਖਲਅੰਦਾਜ਼ੀ ਤੋਂ ਬਹੁਤ ਦੁਖੀ ਹਨ। ਦਿੱਲੀ ਦੇ ਆਗੂ ਪੰਜਾਬ 'ਤੇ ਬੋਝ ਬਣ ਗਏ ਹਨ। ਇਸ ਕਾਰਨ ਪੰਜਾਬ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂ ਇੱਕ ਆਮ ਅਕਸ ਦੀ ਝੂਠੀ ਝਲਕ ਦਿਖਾ ਕੇ ਵੀਵੀਆਈਪੀ ਸੱਭਿਆਚਾਰ ਵਿੱਚ ਡੁੱਬੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਜਿਸ ਗਤੀ ਨਾਲ ਉੱਪਰ ਉੱਠੀ ਹੈ ਉਸ ਤੋਂ ਦੁੱਗਣੀ ਗਤੀ ਨਾਲ ਹੇਠਾਂ ਡਿੱਗੇਗੀ। ਇਸ ਪਾਰਟੀ ਨੇ ਪੰਜਾਬੀਆਂ ਦਾ ਭਰੋਸਾ ਤੋੜਿਆ ਹੈ ਅਤੇ ਹਰ ਵਾਅਦਾ ਝੂਠਾ ਸਾਬਤ ਹੋਇਆ ਹੈ। ਪੰਜਾਬ ਦੀਆਂ ਔਰਤਾਂ, ਭੈਣਾਂ, ਧੀਆਂ ਅਤੇ ਮਾਵਾਂ ਪਿਛਲੇ 38 ਮਹੀਨਿਆਂ ਤੋਂ 1000 ਰੁਪਏ ਮਹੀਨਾ ਦੀ ਉਡੀਕ ਕਰ ਰਹੀਆਂ ਹਨ। ਸਰਕਾਰ ਨੂੰ ਹਰ ਔਰਤ ਦੇ ਖਾਤੇ ਵਿੱਚ ਪਿਛਲੇ 38 ਮਹੀਨਿਆਂ ਤੋਂ 38,000 ਰੁਪਏ ਜਮ੍ਹਾ ਕਰਨੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਦਿੱਲੀ ਤੋਂ ਨਕਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਵਿੱਚ ਸ਼ੀਸ਼ਾ ਦਿਖਾਉਣ ਲਈ ਤਿਆਰ ਬੈਠੇ ਹਨ।