ਸੁਨਾਮ : ਪਟਿਆਲਾ ਰੋਡ 'ਤੇ ਪਿੰਡ ਸਜੂਮਾਂ ਅਤੇ ਮਹਿਲਾਂ ਵਿਚਾਲੇ ਵਾਪਰੇ ਸੜਕ ਹਾਦਸੇ 'ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਗੰਭੀਰ ਜਖਮੀ ਹੋਇਆ ਹੈ। ਥਾਣਾ ਛਾਜਲੀ ਅਧੀਨ ਆਉਂਦੀ ਪੁਲਿਸ ਚੌਂਕੀ ਮਹਿਲਾਂ ਚੌਂਕ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਨਾਗਰਾ ਦੇ ਰਹਿਣ ਵਾਲੇ ਸਨੀ ਅਤੇ ਉਸ ਦਾ ਦੋਸਤ ਪ੍ਰੀਤ ਸਿੰਘ ਮੋਟਰਸਾਇਕਲ 'ਤੇ ਆਪਣੇ ਪਿੰਡ ਤੋਂ ਸੁਨਾਮ ਜਾ ਰਹੇ ਸਨ ਕਿ ਸੁਨਾਮ-ਪਟਿਆਲਾ ਸੜਕ 'ਤੇ ਵੈਲਕਮ ਹੋਟਲ ਨੇੜੇ ਪਿੱਛਿਉਂ ਆ ਰਹੀ ਇਕ ਗੱਡੀ ਨੇ ਉਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਾਰਨ ਦੋਵੇਂ ਨੌਜਵਾਨ ਗੰਭੀਰ ਜਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਵੱਲੋਂ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਨਾਮ ਦਾਖਲ ਕਰਵਾਇਆ ਗਿਆ। ਜਿੱਥੇ ਸਨੀ ਪੁੱਤਰ ਪੰਮੀ ਵਾਸੀ ਨਾਗਰਾ ਇਲਾਜ਼ ਦੌਰਾਨ ਦਮ ਤੋੜ ਗਿਆ ਜਦਕਿ ਪ੍ਰੀਤ ਸਿੰਘ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।