ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫ਼ਾਰਮ ਹਾਊਸ ਲਾਗਿਉਂ ਬਿਨਾਂ ਸਿਰ ਦੇ ਲਾਸ਼ ਬਰਾਮਦ
ਮੋਹਾਲੀ : ਮੋਹਾਲੀ ਵਿਚ ਨਯਾਗਾਉ ਇਲਾਕੇ ਵਿਚ ਇਕ ਵਿਅਕਤੀ ਗ਼ਾਇਬ ਹੋ ਗਿਆ ਸੀ ਅਤੇ ਪੁਲਿਸ ਉਸ ਨੂੰ ਲੱਭ ਰਹੀ ਸੀ ਪਰ ਹੁਣ ਜੋ ਕੰਮ ਪੁਲਿਸ ਨਹੀਂ ਕਰ ਸਕੀ ਉਹ ਕੰਮ ਪਾਲਤੂ ਕੁੱਤੇ ਨੇ ਕਰ ਵਿਖਾਇਆ ਹੈ। ਮਤਲਬ ਕਿ ਮ੍ਰਿਤਕ ਨੂੰ ਕਾਤਲ ਨੇ ਕਤਲ ਕਰਨ ਮਗਰੋਂ ਜ਼ਮੀਨ ਹੇਠ ਦੱਬ ਦਿਤਾ ਸੀ ਅਤੇ ਪਰਵਾਰ ਵਾਲੇ ਉਸ ਨੂੰ ਲੱਭ ਰਹੇ ਸਨ ਅਤੇ ਪੁਲਿਸ ਨੇ ਵੀ ਆਪਣੀ ਕਾਰਵਾਈ ਕੀਤੀ ਪਰ ਹੱਥ ਕੱਖ ਨਾ ਆਇਆ। ਅੱਜ ਸਵੇਰੇ ਮ੍ਰਿਤਕ ਸੁੱਚਾ ਸਿੰਘ ਦੇ ਪਾਲਤੂ ਕੁੱਤੇ ਨੇ ਹੀ ਆਪਣੇ ਮਾਲਕ ਨੂੰ ਜ਼ਮੀਨ ਹੇਠੋਂ ਸੁੰਘ ਕੇ ਲੱਭ ਲਿਆ। ਦਰਅਸਲ ਨਿਊ ਚੰਡੀਗੜ੍ਹ ਨੇੜੇ ਪਿੰਡ ਸਿਸਵਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਨੇੜੇ ਬਿਨਾਂ ਸਿਰ ਦੀ ਲਾਸ਼ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਲਾਸ਼ ਨੂੰ ਜ਼ਮੀਨ ਹੇਠ ਦਬਿਆ ਹੋਇਆ ਸੀ। ਇਹ ਜ਼ਮੀਨ ਮੁਲਜ਼ਮ ਜਗੀਰ ਸਿੰਘ ਜੌਲਾ ਦੀ ਹੈ। ਮ੍ਰਿਤਕ ਦੀ ਪਛਾਣ ਸੁੱਚਾ ਸਿੰਘ ਵਾਸੀ ਛੋਟੀ-ਵੱਡੀ ਨਾਗਲ ਵਜੋਂ ਹੋਈ ਹੈ। ਸੁੱਚਾ ਸਿੰਘ 12 ਜੂਨ ਤੋਂ ਲਾਪਤਾ ਸੀ। ਇਥੇ ਦਸ ਦਈਏ ਕਿ ਮ੍ਰਿਤਕ ਨੂੰ ਉਸਦੇ ਪਾਲਤੂ ਕੁੱਤੇ ਨੇ ਹੀ ਲੱਭਿਆ ਹੈ। ਹੁਣ ਇਹ ਸਵਾਲ ਖੜੇ ਕੀਤੇ ਜਾ ਰਹੇ ਹਨ ਕਿ ਮੁੱਖ ਮੰਤਰੀ ਦੇ ਫਾਰਮ ਹਾਊਸ ਨੇੜੇ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਪੁਲਿਸ ਨੂੰ ਇਸ ਘਟਨਾ ਬਾਰੇ ਪਤਾ ਨਹੀਂ ਲੱਗ ਸਕਿਆ। ਪੁਲਿਸ ਉਸਨੂੰ ਲਾਪਤਾ ਸਮਝ ਕੇ ਕਾਰਵਾਈ ਕਰ ਰਹੀ ਸੀ। ਮਿ੍ਤਕ ਦੇ ਛੋਟੇ ਭਰਾ ਭੋਲਾ ਨੇ ਦੱਸਿਆ ਕਿ ਉਸ ਦਾ ਭਰਾ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀ। ਜਗੀਰ ਸਿੰਘ 12 ਜੂਨ ਨੂੰ ਉਸਦੇ ਭਰਾ ਨੂੰ ਉਸਦੇ ਵਾੜੇ 'ਚ ਕੰਮ ਕਰਨ ਲਈ ਨਾਲ ਲੈ ਗਿਆ ਸੀ ਪਰ ਉਹ ਦੁਬਾਰਾ ਘਰ ਵਾਪਸ ਨਹੀਂ ਆਇਆ। ਉਸਦਾ ਪਰਿਵਾਰ ਉਸ ਨੂੰ ਦੋ ਦਿਨ ਤਕ ਲੱਭਦਾ ਰਿਹਾ। 14 ਜੂਨ ਨੂੰ ਉਨ੍ਹਾਂ ਮੁੱਲਾਂਪੁਰ ਪੁਲਿਸ ਸਟੇਸ਼ਨ 'ਚ ਸੁੱਚਾ ਸਿੰਘ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ। ਇਸ ਮਾਮਲੇ 'ਚ ਮੁੱਲਾਂਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 346 ਦੇ ਤਹਿਤ ਮਾਮਲਾ ਦਰਜ ਕੀਤਾ ਅਤੇ ਸੁੱਚਾ ਸਿੰਘ ਦੀ ਤਾਲਾਸ਼ ਸ਼ੁਰੂ ਕੀਤੀ। ਜਦੋਂ ਕਿ ਦੂਜੇ ਪਾਸੇ ਮਿ੍ਤਕ ਦੇ ਪਰਿਵਾਰ ਵਾਲੇ ਪੁਲਿਸ ਤੋਂ ਵਾਰ-ਵਾਰ ਜਗੀਰ ਸਿੰਘ ਨੂੰ ਗਿ੍ਫ਼ਤਾਰ ਕਰਨ ਦੀ ਗੱਲ ਕਹਿੰਦੇ ਰਹੇ ਕਿਉਂਕਿ ਉਹ ਜਾਣਦੇ ਸਨ ਕਿ ਸੁੱਚਾ ਸਿੰਘ ਨੂੰ ਉਹ ਆਪਣੇ ਨਾਲ ਲੈ ਗਿਆ ਸੀ।
ਦਰਅਸਲ ਐਤਵਾਰ ਸਵੇਰੇ ਸੁੱਚਾ ਸਿੰਘ ਦਾ ਪਰਿਵਾਰ ਉਸ ਨੂੰ ਲੱਭ ਰਿਹਾ ਸੀ। ਮਿ੍ਤਕ ਦੇ ਭਰਾ ਭੋਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਸਦੇ ਭਰਾ ਨੂੰ ਜਾਨੋਂ ਮਾਰ ਦਿੱਤਾ ਗਿਆ ਹੈ। ਉਹ ਆਪਣੇ ਘਰੇਲੂ ਕੁੱਤੇ ਨੂੰ ਨਾਲ ਲੈ ਕੇ ਜਗੀਰ ਸਿੰਘ ਦੀ ਜ਼ਮੀਨ 'ਤੇ ਆਏ ਜੋ ਕਿ ਮੁੱਖ ਮੰਤਰੀ ਦੇ ਫ਼ਾਰਮ ਹਾਊਸ ਦੇ ਨਾਲ ਲੱਗਦੀ ਹੈ। ਉਨ੍ਹਾਂ ਦੇ ਕੁੱਤੇ ਨੇ ਸੁੰਘ ਕੇ ਸੁੱਚਾ ਸਿੰਘ ਦੀ ਖੱਡੇ 'ਚ ਦੱਬੀ ਲਾਸ਼ ਲੱਭ ਕੇ ਭੌਂਕਣਾ ਸ਼ੁਰੂ ਕਰ ਦਿੱਤਾ, ਜਦੋਂ ਉਹ ਕੋਲ ਗਏ ਤਾਂ ਖੱਡੇ ਤੋਂ ਬਾਹਰ ਨਿਕਲਿਆ ਇਕ ਪੈਰ ਵੇਖਿਆ। ਪੁਲਿਸ ਨੇ ਆਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲਿਆ ਅਤੇ ਕਾਰਵਾਈ ਸ਼ੁਰੂ ਕੀਤੀ।