ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ। ਰੋਜ਼ਗਾਰ ਬਿਊਰੋ ਵੱਲੋਂ ਕਾਉਂਸਲਿੰਗ, ਪਲੇਸਮੈਂਟ ਕੈਂਪ, ਰਜਿਸਟ੍ਰੇਸ਼ਨ ਕੈਂਪ, ਇਮਤਿਹਾਨਾਂ ਦੀ ਤਿਆਰੀ ਲਈ ਮੁਫਤ ਕੋਚਿੰਗ ਅਤੇ ਮੁਫਤ ਲਾਇਬ੍ਰੇਰੀ ਆਦਿ ਵਰਗੀਆਂ ਮੁੱਖ ਸੁਵਿਧਾਵਾਂ ਪ੍ਰਾਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਪਰੰਤੂ ਪ੍ਰਾਰਥੀ ਇਨ੍ਹਾਂ ਸੁਵਿਧਾਵਾਂ ਦਾ ਲਾਭ ਤਾਂ ਹੀ ਪ੍ਰਾਪਤ ਕਰ ਸਕਣਗੇ ਜੇਕਰ ਉਨ੍ਹਾਂ ਦਾ ਨਾਮ ਰੋਜ਼ਗਾਰ ਬਿਊਰੋ ਵਿੱਚ ਦਰਜ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਰੁਪਿੰਦਰ ਕੌਰ, ਜ਼ਿਲ੍ਹਾ ਰੋਜ਼ਗਾਰ ਅਫਸਰ ਵੱਲੋਂ ਦੱਸਿਆ ਗਿਆ ਕਿ ਪ੍ਰਾਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਸਹੀ ਕਿੱਤੇ ਦੀ ਚੋਣ ਕਰਵਾਉਣ ਵਿੱਚ ਰੋਜ਼ਗਾਰ ਬਿਊਰੋ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪ੍ਰਾਰਥੀਆਂ ਦੀ ਸਹੂਲਤ ਲਈ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ ਹੈ ਅਤੇ ਰੋਜ਼ਗਾਰ ਬਿਊਰੋ ਵੱਲੋਂ ਸਮੇਂ-ਸਮੇਂ ਤੇ ਪਲੇਸਮੈਂਟ ਕੈਂਪ ਅਤੇ ਕਾਉਂਸਲਿੰਗ ਸੈਸ਼ਨ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਪ੍ਰਾਰਥੀਆਂ ਨੂੰ ਰੋਜ਼ਗਾਰ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਪ੍ਰਾਰਥੀ ਇਹ ਸਾਰੀਆਂ ਸਹੂਲਤਾਂ ਦਾ ਲਾਭ ਤਾਂ ਹੀ ਲੈ ਸਕਣਗੇ ਜੇਕਰ ਉਹ ਇਸ ਦਫਤਰ ਵਿਖੇ ਰਜਿਸਟਰ ਹੋਣਗੇ। ਰੋਜ਼ਗਾਰ ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਲਾਭ ਉਠਾਉਣ ਲਈ ਵੱਧ ਤੋਂ ਵੱਧ ਪ੍ਰਾਰਥੀਆਂ ਨੂੰ ਰੋਜ਼ਗਾਰ ਬਿਊਰੋ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੀ ਅਪੀਲ ਕੀਤੀ ਜਾਂਦੀ ਹੈ। ਨਾਮ ਦਰਜ ਕਰਵਾਉਣ ਲਈ ਪ੍ਰਾਰਥੀ ਦੇ ਸਾਰੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਆਧਾਰ ਕਾਰਡ ਅਤੇ ਜਾਤੀ ਸਰਟੀਫਿਕੇਟ (ਕੇਵਲ ਅਨੁਸੂਚਿਤ ਅਤੇ ਪਛੜੀ ਸ਼ੇ੍ਰਣੀਆਂ ਲਈ) ਲੋੜੀਂਦੇ ਹਨ।ਪ੍ਰਾਰਥੀ ਆਪਣੇ ਅਸਲ ਸਰਟੀਫਿਕੇਟ ਅਤੇ ਫੋਟੋਕਾਪੀਆਂ ਲੈ ਕੇ ਕਿਸੇ ਵੀ ਕੰਮ ਵਾਲੇ ਦਿਨ ਰੋਜ਼ਗਾਰ ਬਿਊਰੋ ਵਿੱਚ ਆ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ।ਮੈਨੂਅਲ ਨਾਮ ਦਰਜ ਕਰਨ ਤੋਂ ਇਲਾਵਾ ਪ੍ਰਾਰਥੀਆਂ ਨੂੰ ਆਨਲਾਈਨ ਵੀ ਰਜਿਸਟਰ ਕੀਤਾ ਜਾਂਦਾ ਹੈ। ਰਜਿਸਟੇ੍ਰਸ਼ਨ ਉਪਰੰਤ ਪ੍ਰਾਰਥੀ ਉਪਰੋਕਤ ਸਾਰੀਆਂ ਸਹੂਲਤਾਂ ਦਾ ਲਾਭ ਉਠਾ ਸਕਣਗੇ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕਿਆਂ ਦੀ ਤਾਜ਼ਾ ਸਥਿਤੀ ਬਾਰੇ ਵੀ ਜਾਣਕਾਰੀ ਮਿਲਦੀ ਰਹੇਗੀ। ਇਸ ਲਈ ਪ੍ਰਾਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਦੇ ਕਮਰਾ ਨੰ:114-ਏ, ਗਰਾਊਂਡ ਫਲੋਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਤਹਿਗੜ੍ਹ ਸਾਹਿਬ ਵਿਖੇ ਆ ਕੇ ਆਪਣਾ ਨਾਮ ਦਰਜ ਕਰਵਾਉਣ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰਬਰ 99156-82436 ਤੇ ਸੰਪਰਕ ਕਰ ਸਕਦੇ ਹਨ।