ਬਰਨਾਲਾ : ਸਰਕਾਰ ਵੱਲੋਂ ਛਾਤੀ ਦੇ ਸੀਟੀ ਸਕੈਨ ਲਈ ਰੇਟ ਨਿਰਧਾਰਿਤ ਕੀਤੇ ਗਏ ਹਨ ਅਤੇ ਕੋਈ ਵੀ ਪ੍ਰਾਈਵੇਟ ਸਕੈਨ ਸੈਂਟਰ ਤੈਅ ਰੇਟ ਤੋਂ ਵੱਧ ਕੀਮਤ ਨਹੀਂ ਵਸੂਲ ਸਕਦਾ।
ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਛਾਤੀ ਦੀ ਇੰਨਫੈਕਸ਼ਨ ਦੇ ਡਰੋਂ ਮਰੀਜ਼ਾਂ ਵਿਚ ਛਾਤੀ ਦਾ ਸੀਟੀ ਸਕੈਨ ਕਰਾਉਣ ਦਾ ਰੁਝਾਨ ਵਧਿਆ ਹੈ ਅਤੇ ਇਸ ਦੌਰਾਨ ਮਰੀਜ਼ਾਂ ਦੀ ਆਰਥਿਕ ਲੁੱਟ ਵੀ ਹੋ ਰਹੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਛਾਤੀ ਦੇ ਸੀਟੀ ਸਕੈਨ ਦਾ ਰੇਟ 2 ਹਜ਼ਾਰ ਰੁਪਏ ਨਿਰਧਾਰਿਤ ਕੀਤਾ ਗਿਆ। ਉਨਾਂ ਕਿਹਾ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਕੋਈ ਵੀ ਸਕੈਨ ਸੈਂਟਰ ਮਰੀਜ਼ ਤੋਂ ਛਾਤੀ ਦੇ ਸੀਟੀ ਸਕੈਨ ਦੀ ਕੀਮਤ 2 ਹਜ਼ਾਰ ਰੁਪਏ ਤੋਂ ਵੱਧ ਨਹੀਂ ਵਸੂਲ ਸਕਦਾ, ਜੇਕਰ ਕੋਈ ਵੀ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ ਨੇਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਉਨਾਂ ਜ਼ਿਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਮਾਹਿਰ ਡਾਕਟਰ ਦੀ ਸਲਾਹ ਤੋਂ ਬਿਨਾਂ ਸੀਟੀ ਸਕੈਨ ਨਾ ਕਰਵਾਏ, ਕਿਉਕਿ ਇਸ ਦੀਆਂ ਰੇਡੀਏਸ਼ਨਜ਼ ਸਿਹਤ ਨੂੰ ਵੱਡਾ ਨੁਕਸਾਨ ਪਹੁੰਚਾਉਦੀਆਂ ਹਨ। ਇਸ ਲਈ ਜੇਕਰ ਕਿਸੇ ਵੀ ਮਰੀਜ਼ ਨੂੰ ਕੋਈ ਦਿੱਕਤ ਮਹਿਸੂਸ ਹੁੰਦੀ ਹੈ ਤਾਂ ਉਹ ਮਾਹਿਰ ਡਾਕਟਰ ਦੀ ਜ਼ਰੂਰ ਸਲਾਹ ਲਵੇ।