Sunday, January 19, 2025
BREAKING NEWS

Social

ਮੇਰੀ ਆਖ਼ਰੀ ਲੋਹੜੀ

January 11, 2025 05:58 PM
Amarjeet Cheema (Writer from USA)

“ਮੇਰੀ ਆਖ਼ਰੀ ਲੋਹੜੀ”

ਭਾਗ - 1

ਕੁੱਲ ਭਾਗ - 2

ਜਦੋਂ ਚੌਥੀ ਪੰਜਵੀਂ ਵਿੱਚ ਪੜ੍ਹਦੇ ਹੁੰਦੇ ਸੀ ਤਾਂ ਅਸੀਂ ਵੀ ਲੋਹੜੀ ਮੰਗਣ ਜਾਂਦੇ ਹੁੰਦੇ ਸੀ। ਵੱਡੇ ਮੁੰਡੇ ਕੁੜੀਆਂ ਦੀ ਢਾਣੀ ਵਿੱਚ ਅਸੀਂ ਵੀ ਪਿੱਛੇ ਪਿੱਛੇ ਤੁਰੀ ਜਾਣਾ। ਲੋਹੜੀ ਤੋਂ ਦੋ ਕੁ-ਹਫਤੇ ਪਹਿਲਾਂ ਹੀ ਸ਼ਾਮ ਨੂੰ ਪਹਿਲਾਂ ਪਿੰਡ ਦੇ ਖੂਹਾਂ ਤੇ ਰਹਿੰਦੇ ਘਰਾਂ ਵਿੱਚ ਜਾਣਾ ਤੇ ਰਾਤ ਨੂੰ ਪਿੰਡ ਵਿੱਚ। ਬਹੁਤੇ ਘਰਾਂ ਵਾਲਿਆਂ ਦਾ ਇਹੋ ਕਹਿਣਾ ਹੁੰਦਾ ਸੀ ਪਈ ਲੋਹੜੀ ਵਾਲੇ ਦਿਨ ਆਉਣਾ ਤੇ ਫਿਰ ਤੁਹਾਨੂੰ ਲੋਹੜੀ ਦੇਵਾਂਗੇ। ਨਾਲ ਨਾਲ ਅਸੀਂ ਪਾਥੀਆਂ ਤੇ ਬਾਲਣ ਦੀ ਮੰਗ ਵੀ ਕਰਨੀ ਜੋ ਕਿ ਲੋਹੜੀ ਵਾਲੀ ਰਾਤ ਨੂੰ ਧੂਣੀ ਬਾਲਣ ਦੇ ਕੰਮ ਆਉਣੀ। ਕਿਸੇ ਨੇ ਦੋ ਪਾਥੀਆਂ ਦੇ ਦੇਣੀਆਂ ਤੇ ਕਿਸੇ ਨੇ ਕਹਿਣਾ ਕਿ ਲੋਹੜੀ ਵਾਲੇ ਦਿਨ ਦੇਵਾਂਗੇ। ਲੋਹੜੀ ਵਾਲੇ ਦਿਨ ਦੁਪਹਿਰੋਂ ਬਾਅਦ ਅਸੀਂ ਪਹਿਲਾਂ ਖੂਹਾਂ ਤੇ ਜਾਣਾ ਤੇ ਫਿਰ ਪਿੰਡ ਦੇ ਘਰਾਂ ਵਿੱਚ ਜਾਣਾ। ਜਿਸ ਘਰ ਵਿੱਚ ਮੁੰਡਾ ਜੰਮਿਆ ਹੋਣਾ ਉਥੋਂ ਸਾਨੂੰ ਜਿਆਦਾ ਉਮੀਦਾਂ ਹੁੰਦੀਆਂ ਸਨ।
ਉਦੋਂ ਜਿਆਦਾ ਘਰਾਂ ਚੋਂ ਦਾਣੇ ਜਾਂ ਗੁੜ ਦੀਆਂ ਰੋੜੀਆਂ ਹੀ ਮਿਲਦੀਆਂ ਸਨ ਤੇ ਨਕਦੀ ਪੈਸੇ ਘੱਟ ਹੀ ਮਿਲਦੇ ਸਨ। ਅਸੀਂ ਰਾਤ ਨੂੰ ਓੁਗਰਾਹੀ ਇਕੱਠੀ ਕਰਕੇ ਕਿਸੇ ਚਾਚੀ ਤਾਂਈ ਦੇ ਹਵਾਲੇ ਕਰ ਦੇਣੀ ਤੇ ਉਹਨੇ ਦਾਣੇ ਤੇ ਗੁੜ ਪਿੰਡ ਦੀ ਹੱਟੀ ਤੇ ਵੇਚ ਕੇ ਸਾਨੂੰ ਹਰ ਇੱਕ ਨੂੰ ਹਿੱਸੇ ਆਉਂਦੇ ਪੈਸੇ ਵੰਡ ਦੇਣੇ। ਵੱਡਿਆਂ ਨੂੰ ਜਿਆਦਾ ਤੇ ਛੋਟਿਆਂ ਨੂੰ ਉਮਰ ਮੁਤਾਬਕ ਥੋੜ੍ਹੇ ਪੈਸੇ ਮਿਲਣੇ। ਲੋਹੜੀ ਮੰਗਣ ਵੇਲੇ ਕਾਫੀ ਗੀਤ ਗਾਏ ਜਾਂਦੇ ਸਨ।
ਦੁੱਲਾ ਭੱਟੀ ਵਾਲਾ, ਹੋ
ਦੁੱਲੇ ਨੇ ਧੀ ਵਿਆਹੀ ਹੋ!
ਸੇਰ ਸ਼ੱਕਰ ਪਾਈ ਹੋ!
ਇੱਕ ਪੱਲਾ ਫਟ ਗਿਆ,
ਮੁੰਡਾ ਵਹੁੱਟੀ ਲੈ ਕੇ ਨੱਠ ਗਿਆ।

ਮੁੰਡਾ ਜੰਮੇ ਵਾਲੇ ਘਰ ਗਾਉਣਾ,,,,

ਰੋੜੀ ਜੀ ਰੋੜੀ....
ਪਾਉ ਮੁੰਡੇ ਦੀ ਲੋਹੜੀ....
ਸਾਡੇ ਪਿੰਡ ਦੋ ਕੁ-ਘਰ ਕੰਜੂਸਾਂ ਦੇ ਹੁੰਦੇ ਸਨ, ਉਹ ਲੋਹੜੀ ਵਾਲੇ ਦਿਨ ਬੂਹੇ ਨੂੰ ਕੁੰਡਾ ਮਾਰ ਦਿੰਦੇ ਸਨ। ਅਸੀਂ ਬੂਹਾ ਖੜਕਾਉਣਾ ਤੇ ਨਾਲੇ ਗਾਉਣਾ।

ਹੁੱਕਾ ਜੀ ਹੁੱਕਾ...
ਇਹ ਘਰ ਭੁੱਖਾ...

ਵੈਸੇ ਇਹ ਘਰ ਚੰਗੇ ਪੈਸੇ ਵਾਲਿਆਂ ਦੇ ਸਨ ਪਰ ਨੀਅਤ ਦੇ ਨੰਗ ਹੀ ਸਨ। ਇਹਨਾਂ ਘਰਾਂ ਦੇ ਬੰਦੇ ਹਾਂਗਕਾਂਗ, ਫਿਲਪਾਈਨ ਵਗੈਰਾ ਗਏ ਹੋਏ ਸਨ। ਇਹ ਦੋਵੇਂ ਭੈਣਾਂ ਇੱਕੋ ਘਰ ਵਿਆਹੀਆਂ ਹੋਈਆਂ ਸਨ। ਇਹਨਾਂ ਬਾਰੇ ਆਮ ਗੱਲ ਮਸ਼ਹੂਰ ਸੀ ਕਿ ਕੁਕੜੀ ਅੰਡਾ ਦੇਊ ਤਾਂ ਫ਼ਿਰ ਦਾਲ਼ ਬਣੂੰ। ਇਹ ਕੁਕੜੀ ਦੇ ਅੰਡਾ ਦੇਣ ਦੀ ਉਡੀਕ ਕਰਦੀਆਂ ਰਹਿੰਦੀਆਂ ਸਨ। 15 ਪੈਸੇ ਦਾ ਅੰਡਾ ਵਿਕਦਾ ਸੀ ਤੇ ਮਸਰਾਂ ਦੀ ਪਾਈਆ ਦਾਲ਼ ਆ ਜਾਂਦੀ ਸੀ। ਉਹਨਾਂ ਵੇਲੇ ਸਾਨੂੰ ਲੋਹੜੀ ਦੇ ਮਤਲਬ ਬਾਰੇ ਕੋਈ ਪਤਾ ਨਹੀਂ ਸੀ ਹੁੰਦਾ, ਸਾਨੂੰ ਤਾਂ ਸਿਰਫ਼ ਕੁੱਝ ਪੈਸਿਆਂ ਦਾ ਲਾਲਚ ਹੁੰਦਾ ਸੀ।
ਕਿਸੇ ਲੋਹੜੀ ਤੇ 12 ਆਨੇ ਮਿਲ ਜਾਣੇ ਤੇ ਕਦੇ ਇੱਕ ਰੁਪੱਈਆ। ਇੰਨੇ ਕੁ ਪੈਸਿਆਂ ਨਾਲ ਹੀ ਖੁਸ਼ ਹੋ ਜਾਈਦਾ ਸੀ। ਪਿੰਡ ਦੀ ਹੱਟੀ ਤੋਂ ਪੰਜੀ ਦੀ ਸੀਰਨੀ ਜਾਂ ਮਿੱਠੀਆਂ ਗੋਲੀਆਂ ਜਾਂ ਮਰੂੰਡਾ ਖਰੀਦ ਲੈਣਾ। ਹੌਲੀ ਹੌਲੀ ਜਿਵੇਂ ਜਿਵੇਂ ਵੱਡੇ ਹੁੰਦੇ ਗਏ, ਇਹ ਰਕਮ ਵੱਧ ਕੇ ਸਵਾ ਦੋ ਰੁਪਏ, ਤਿੰਨ ਰੁਪਏ ਤੇ ਪੰਜ ਰੁਪਏ ਤੱਕ ਚਲੀ ਗਈ। ਪਿੰਡ ਦੀ ਹੱਟੀ ਵਾਲੇ ਕਿਹੜੇ ਘੱਟ ਸਨ ? ਦਾਣਿਆਂ ਤੇ ਗੁੜ ਦੀ ਅੱਧੋ ਦੂਹੜ ਕਰਦੇ ਸਨ। ਪਹਿਲਾਂ ਘੱਟ ਭਾਅ ਤੇ ਖਰੀਦਣੇ ਤੇ ਫ਼ਿਰ ਤੁਲਾਈ ਵਿੱਚ ਹੇਰਾਫੇਰੀ। ਮੇਰਾ ਭਾਪਾ ਕਹਿੰਦਾ ਹੁੰਦਾ ਸੀ, ਜਿਹੜਾ ਤੱਕੜੀ ਫ਼ੜਕੇ ਘੱਟ ਤੋਲਦਾ, ਉਹਦੇ ਹੱਥ ਕੰਬਣ ਲੱਗ ਜਾਂਦੇ ਹਨ। ਰੱਬ ਕੀਤੇ ਦੀ ਸਜ਼ਾ ਜਰੂਰ ਦਿੰਦਾ।
ਕਰਤਾਰਪੁਰ ਦੇ ਦੋ ਬਾਣੀਏ ਭਰਾਵਾਂ ਦੀ ਮਿਸਾਲ ਦਿੰਦਾ ਹੁੰਦਾ ਸੀ। ਇੱਕ ਦਾ ਨਾਂ ਸੀ ਨਾਥ ਤੇ ਦੂਜਾ ਸੀ ਕਰਮਾ। ਨਾਥ ਤੋਲਣ ਵਿੱਚ ਹੇਰਾਫੇਰੀ ਨਹੀਂ ਸੀ ਕਰਦਾ ਤੇ ਉਹ ਠੀਕ ਠਾਕ ਸੀ ਤੇ ਕਰਮਾ ਘੱਟ ਨਹੀਂ ਸੀ ਕਰਦਾ ਤੇ ਉਹਦੇ ਦੋਨੋਂ ਹੱਥ ਕੰਬਦੇ ਰਹਿੰਦੇ ਸਨ। ਗੱਲੇ ਵਿੱਚ ਪੈਸੇ ਵੀ ਨਹੀਂ ਸਨ ਪੈਂਦੇ ਤੇ ਰੋਟੀ ਖਾਣ ਵੇਲੇ ਬੁਰਕੀ ਮੂੰਹ ਚੇ ਪਾਉਣ ਲਈ ਵੀ ਤੰਗੀ ਹੁੰਦੀ ਸੀ ਤੇ ਪਾਣੀ ਤਾਂ ਹੱਥੀਂ ਪੀ ਹੀ ਨਹੀਂ ਸੀ ਸਕਦਾ। ਇਹ ਗੱਲ ਕੋਈ 1980 ਦੀ ਆ। ਮੇਰਾ ਭਰਾ ਗਰੀਸ ਤੋਂ ਆਇਆ ਸੀ ਤੇ ਉਹਦਾ ਨਵਾਂ ਨਵਾਂ ਵਿਆਹ ਹੋਇਆ ਸੀ। ਘਰ ਵਿੱਚ ਬੜੀਆਂ ਖੁਸ਼ੀਆਂ ਸਨ, ਮੇਰੇ ਭਰਾ ਦਾ ਰਿਸ਼ਤਾ ਵੀ ਪਿੰਡ ਦੇ ਸਰਪੰਚ ਨੇ ਕਰਾਇਆ। ਮੈਨੂੰ ਸਰਪੰਚ ਦੇ ਨਾਲ ਸ਼ੁਰੂ ਤੋਂ ਹੀ ਨਫਰਤ ਸੀ। ਸਰਪੰਚ ਬਣਨ ਤੋਂ ਪਹਿਲਾਂ ਮੈਂ ਉਹਨੂੰ ਲੰਗੋਟੀ ਲਾਈ, ਖੇਤਾਂ ਨੂੰ ਪਾਣੀ ਦਿੰਦੇ, ਗੋਡੀ ਕਰਦੇ ਦੇਖਣਾ ਜਾਣੀ ਸਾਰਾ ਸਾਰਾ ਦਿਨ ਕੰਮ ਵਿੱਚ ਰੁੱਝੇ ਦੇਖਣਾ। ਸਰਪੰਚ ਬਣਨ ਤੋਂ ਬਾਦ ਉਹਦੀ ਹਵਾ ਹੀ ਖ਼ਰਾਬ ਹੋ ਗਈ। ਚਿੱਟਾ ਕੁੜਤਾ ਪਜਾਮਾ,ਪੱਗ ਬੰਨ ਲਈ ਨੀਲੀ ਤੇ ਅਕਾਲੀ ਲੀਡਰਾਂ ਨਾਲ ਮੁਲਾਕਾਤਾਂ ਹੋਣ ਲੱਗੀਆਂ। ਥਾਣੇਦਾਰਾਂ ਨਾਲ ਸਿੱਧੀਆਂ ਗੱਲਾਂ ਹੋਣ ਲੱਗੀਆਂ। ਪੁਲਿਸ ਕੋਲ ਆਪੇ ਹੀ ਕਿਸੇ ਦੀ ਚੁਗਲੀ ਕਰਕੇ ਸ਼ਰਾਬ ਦੀ ਭੱਠੀ ਫੜਾ ਦੇਣੀ। ਸਾਡੇ ਤਿੰਨ ਪਿੰਡ ਤੇ ਕੁੱਝ ਹੋਰ ਖੂਹਾਂ ਦੀ ਆਬਾਦੀ ਦਾ ਸਰਪੰਚ ਸੀ। ਕੋਈ ਨਾ ਕੋਈ ਝਗੜਾ ਹੋਇਆ ਰਹਿਣਾ। ਪਿੰਡ ਦੀ ਪੰਚਾਇਤ ਹੋਣੀ ਤਾਂ ਇਹਨੇ ਕੋਈ ਵੀ ਝਗੜਾ ਪਿੰਡ ਵਿੱਚ ਨਾ ਨਬੇੜਨਾ। ਸਗੋਂ ਕਹਿਣਾ ਨਾ ਬਈ ਨਾ ਇਹ ਗੱਲ ਇੱਥੇ ਨਹੀਂ ਮੁੱਕਣੀ ਠਾਣੇ ਜਾ ਕੇ ਹੀ ਗੱਲ ਨਿੱਬੜੂ। ਕਿਸੇ ਇੱਕ ਪਾਰਟੀ ਦਾ ਪੱਖ ਪੂਰ ਦੇਣਾ ਤੇ ਖਾਣ ਪੀਣ ਲਈ ਰਾਹ ਖੁੱਲ੍ਹਾ ਹੋ ਜਾਣਾ। ਸਾਡੇ ਪਿੰਡ ਦੇ ਦੋ ਹੋਰ ਲੰਡੂ ਜਿਹੇ ਉਹਦੇ ਨਾਲ ਰਲ਼ ਗਏ। ਜਿਹਨਾਂ ਨੂੰ ਘਰ ਵਿੱਚ ਕੋਈ ਪੁੱਛੇ ਨਾ ਤੇ ਉਹ ਪੰਚਾਇਤਾਂ ਦੇ ਫੈਸਲੇ ਨਬੇੜਨ ਲੱਗ ਪਏ।

ਇਸ ਤਿੱਕੜੀ ਨੇ ਸਵੇਰ ਨੂੰ ਸਾਈਕਲ ਚੁੱਕਣੇ ਤੇ ਸ਼ਾਮ ਨੂੰ ਪੂਰਾ ਖਾ ਪੀ ਕੇ ਪਿੰਡ ਆਉਣਾ। ਦੋ ਜਾਣੇ ਨਾਲ ਦੇ ਤਾਂ ਦਾਰੂ ਮੁਰਗਾ ਛੱਕ ਲੈਂਦੇ ਤੇ ਸਰਪੰਚ ਕਹਿ ਦਿੰਦਾ ਪਈ ਦੇਖੋ ਮੈਂ ਤਾਂ ਸ਼ਰਾਬ ਪੀਂਦਾ ਨਹੀਂ ਤੇ ਮੇਰੇ ਲਈ ਅੱਧਾ ਕਿਲੋ ਦੁੱਧ ਗਰਮ ਕਰ ਲਉ ਤੇ ਅੱਧਾ ਕਿਲੋ ਬਰਫ਼ੀ। ਇਸ ਤਰ੍ਹਾਂ ਮੁਫਤ ਦਾ ਦੁੱਧ ਤੇ ਬਰਫੀਆਂ ਖਾ ਕੇ ਸਰਪੰਚ ਦੀ ਹਿੱਕ ਤਾਂ ਘੋੜੇ ਵਾਂਗ ਚੌੜੀ ਹੋ ਗਈ। ਦਾੜ੍ਹੀ ਨੂੰ ਬਣਾ ਸਵਾਰ ਕੇ ਰੱਖਣਾ। ਮੈਨੂੰ ਸਰਪੰਚ ਤੇ ਖਿੱਝ ਆਉਣੀ ਪਈ ਆਪਣੇ ਖਾਣ ਪੀਣ ਲਈ ਕੋਈ ਵੀ ਫੈਸਲਾ ਪਿੰਡ ਕਿਉਂ ਨਹੀਂ ਹੋਣ ਦਿੰਦਾ। ਪੂਰਾ ਪੁਲਿਸ ਦਾ ਟਾਊਟ ਬਣ ਗਿਆ ਸੀ। ਮੈਂ ਉਹਨਾਂ ਦਿਨਾਂ ਵਿੱਚ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਨਾਲ ਸੰਪਰਕ ਰੱਖਦਾ ਸੀ ਤੇ ਪਿੰਡ ਵਿੱਚ ਗਲੀਆਂ ਵਿੱਚ ਕੰਧਾਂ ਤੇ ਕਮਿਊਨਿਸਟ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਿਖਦਾ ਹੁੰਦਾ ਸੀ। ਸਰਪੰਚ ਆਪ ਤਾਂ ਸਾਰਾ ਪਰਿਵਾਰ ਖੂਹ ਤੇ ਰਹਿੰਦਾ ਸੀ ਤੇ ਉਹਦੀ ਪੰਜ ਕੁ- ਖਾਨੇ ਪੱਕੀ ਬੈਠਕ ਪਿੰਡ ਵਿੱਚ ਗੁਰੂ ਘਰ ਦੇ ਨਾਲ ਖਾਲੀ ਪਈ ਹੁੰਦੀ ਸੀ। ਮੈਂ ਉਹਦੇ ਉੱਤੇ ਵੀ ਕਮਿਊਨਿਸਟ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਿਖਦਾ ਹੁੰਦਾ ਸੀ।
ਇਸ ਬੈਠਕ ਦੇ ਨਾਲ ਹੀ ਇੱਕ ਛੋਟੀ ਜਿਹੀ ਖੂਹੀ ਹੁੰਦੀ ਸੀ, ਪਿੰਡ ਦੀਆਂ ਜਨਾਨੀਆਂ ਇੱਥੋਂ ਪਾਣੀ ਭਰਦੀਆਂ ਹੁੰਦੀਆਂ ਸਨ, ਤੇ ਨਾਲ ਹੀ ਇੱਕ ਸਾਂਝਾ ਮਿੱਟੀ ਦਾ ਤੰਦੂਰ ਬਣਾਇਆ ਹੋਇਆ ਸੀ, ਜਿੱਥੇ ਪਿੰਡ ਦੀਆਂ ਜਨਾਨੀਆਂ ਆਪੋ ਆਪਣਾ ਬਾਲਣ ਲੈ ਕੇ ਆਉਂਦੀਆਂ ਤੇ ਰੋਟੀਆਂ ਬਣਾਉਂਦੀਆਂ। ਅਸੀਂ ਸਾਰੀ ਮੰਡੀਰ ਨੇ ਖੂਹੀ ਤੇ ਬਹਿਕੇ ਤਾਸ਼ ਖੇਡਣੀ,ਬੰਟੇ ਖੇਡਣੇ, ਹਾਸੇ ਮਖੌਲ ਕਰਨੇ। ਨਾਲ ਹੀ ਪਿੰਡ ਦੀ ਕਿਸੇ ਚਾਚੀ,ਤਾਈ ਨੂੰ ਕਹਿਣਾ ਕਿ ਭੁੱਖ ਲੱਗੀ ਆ, ਦੋ ਰੋਟੀਆਂ ਦੇ ਦੇ। ਕਿਸੇ ਨੇ ਵੀ ਨਾਂਹ ਨਾ ਕਰਨੀ ਤੇ ਅਸੀਂ ਰੱਜ ਕੇ ਘਰ ਆਉਣਾ।
ਸਰਪੰਚ ਨੇ ਮੇਰੇ ਘਰ ਉਲਾਹਮੇ ਦੇਣ ਆਉਣਾ ਪਈ ਆਪਣੇ ਮੁੰਡੇ ਨੂੰ ਸਮਝਾ ਲਉ, ਗੌਰਮੈਂਟ ਦੇ ਖ਼ਿਲਾਫ਼ ਬੋਲਦਾ ਜੇ ਇੱਕ ਤੌਣੀ ਲੱਗ ਗਈ ਤਾਂ ਤੁੱਕੇ ਵਰਗਾ ਸਿੱਧਾ ਹੋ ਜਾਊ। ਮੇਰਾ ਸਕੂਲ ਕਰਤਾਰਪੁਰ ਥਾਣੇ ਦੇ ਬਿਲਕੁਲ ਨਾਲ ਹੀ ਸੀ। ਅੱਧੀ ਛੁੱਟੀ ਜਾਂ ਪੂਰੀ ਛੁੱਟੀ ਵੇਲੇ ਮੈਂ ਥਾਣੇ ਵੱਲ ਨੂੰ ਗੇੜਾ ਮਾਰਨਾ ਤੇ ਸਰਪੰਚ ਤੇ ਹੋਰ ਪਿੰਡ ਵਾਲਿਆਂ ਨੂੰ ਨੰਤੇ ਹਲਵਾਈ ਦੀ ਦੁਕਾਨ ਤੇ ਦੇਖਣਾ। ਮੇਰੇ ਕੋਲੋਂ ਰਹਿ ਨਾ ਹੋਣਾ ਤੇ ਮੈਂ ਕਹਿਣਾ ਚਾਚਾ ਜੀ, ਮੁਫ਼ਤ ਦੀ ਬਰਫੀ ਖਾ ਖਾ ਕੇ ਤੇਰੀ ਦਾੜ੍ਹੀ ਕਿੰਨੀ ਸਖ਼ਤ ਹੋ ਗਈ। ਜਿਵੇਂ ਇੱਟਾਂ ਸਾਫ਼ ਕਰਨ ਵਾਲੇ ਲੋਹੇ ਦੀਆਂ ਤਾਰਾਂ ਵਾਲੇ ਬੁਰਸ਼ ਦੀ। ਉਹਨੇ ਮੈਨੂੰ ਕਹਿਣਾ, ਕਾਕਾ ਆਪਣੀ ਪੜ੍ਹਾਈ ਵੱਲ ਧਿਆਨ ਰੱਖ। ਮੈਂ ਕੀ ਕਰਦਾ, ਕੀ ਖਾਨਾ ਪੀਨਾ, ਤੇਰਾ ਇਹਦੇ ਨਾਲ ਕੀ ਸੰਬੰਧ ਆ ? ਸਿੱਧਾ ਹੋ ਜਾਂ ਨਹੀਂ ਤੇ ਇੱਕ ਤੌਣੀ ਲੁਆ ਦਿੱਤੀ ਨਾ ਥਾਣੇਦਾਰ ਤੋਂ ਤਾਂ ਤੁੱਕੇ ਵਾਂਗੂੰ ਸਿੱਧਾ ਹੋ ਜਾਵੇਗਾ।
ਮੈਂ ਸਰਪੰਚ ਦਾ ਨਾਂ ਕਲਜੁੱਗ ਰੱਖਿਆ ਹੋਇਆ ਸੀ ਜਦੋਂ ਵੀ ਉਹਨੇ ਪਿੰਡ ਨੂੰ ਆਉਣਾ ਤਾਂ ਮੈਂ ਕਹਿ ਦੇਣਾ ਕਿ ਕਲਜੁੱਗ ਆ ਗਿਆ। ਲੋਕਾਂ ਨੇ ਸਰਪੰਚ ਨੂੰ ਦੱਸ ਵੀ ਦਿੱਤਾ ਸੀ ਕਿ ਤੈਨੂੰ ਕਲਜੁੱਗ ਕਹਿੰਦਾ ਅੰਬਾ।

ਉਸ ਸਾਲ ਲੋਹੜੀ ਆਈ ਤੇ ਅਸੀਂ ਖੂਹਾਂ ਤੇ ਮੰਗਣ ਗਏ, ਕੁੱਝ ਪਾਥੀਆਂ ਤੇ ਬਾਲਣ ਮਿਲ ਗਿਆ ਧੂਣੀ ਲਾਉਣ ਲਈ। ਉਸ ਟਾਈਮ ਮੈਂ ਲੀਡਰ ਬਣ ਗਿਆ ਸੀ ਸਾਰੇ ਪਿੰਡ ਦਾ। ਕੋਈ ਵੀ ਕੰਮ ਹੋਣਾ ਤਾਂ ਪਿੰਡ ਦੀ ਮੰਡੀਰ ਨੇ ਕਹਿਣਾ ਕਿ ਇਹ ਕੰਮ ਤੇਰੇ ਕਰਨ ਦਾ ਹੀ ਆ।

ਜਾਣੀ ਕਿ ਮੈਂ ਆਪਣੀ ਮਰਜ਼ੀ ਨਾਲ ਸ਼ਰਾਰਤਾਂ ਕਰਨ ਲੱਗ ਪਿਆ। ਪਿੰਡ ਦਾ ਸਭ ਤੋਂ ਸ਼ਰਾਰਤੀ ਮੁੰਡਾ ਸੀ ਮੈਂ, ਜੇ ਕਿਸੇ ਹੋਰ ਨੇ ਵੀ ਸ਼ਰਾਰਤ ਕਰ ਦੇਣੀ ਤਾਂ ਨਾਂ ਮੇਰਾ ਹੀ ਲੱਗਦਾ। ਮੇਰੀ ਮਾਂ ਨੇ ਵੀ ਮੇਰੀ ਹਾਮੀ ਨਾ ਭਰਨੀ ਤੇ ਕਹਿਣਾ ਕਿ ਇਹ ਤੇਰਾ ਹੀ ਕੰਮ ਹੈ। ਇਸ ਵਾਰ ਦੀ ਲੋਹੜੀ ਆਈ ਤਾਂ ਅਸੀਂ ਸਾਰੇ ਮੁੰਡਿਆਂ ਮਿਲਕੇ ਹਮੇਸ਼ਾ ਦੀ ਤਰ੍ਹਾਂ ਖੂਹਾਂ ਤੇ ਜਾ ਕੇ ਲੋਹੜੀ ਦੀ ਓੁਗਰਾਹੀ ਇਕੱਠੀ ਕੀਤੀ। ਕੁੱਝ ਦਾਣੇ, ਗੁੜ, ਸ਼ੱਕਰ ਤੇ ਨਕਦੀ, ਨਾਲ ਹੀ ਸੁੱਕੀਆਂ ਪਾਥੀਆਂ ਤੇ ਹੋਰ ਬਾਲਣ ਇਕੱਠਾ ਕਰ ਲਿਆਂਦਾ। ਪਿੰਡ ਦੇ ਕੁੱਝ ਘਰਾਂ ਚੋਂ ਵੀ ਲੋਹੜੀ ਮੰਗੀ ਤੇ ਕੁਦਰਤੀਂ ਮੀਂਹ ਪੈਣ ਲੱਗ ਗਿਆ। ਅਸੀਂ ਗੁੜ, ਸ਼ੱਕਰ, ਦਾਣੇ ਹੱਟੀ ਵੇਚਕੇ ਹਿੱਸੇ ਆਉਂਦੇ ਪੈਸੇ ਵੰਡਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਦੋ ਕੁ-ਘੰਟਿਆਂ ਬਾਦ ਬਾਰਸ਼ ਰੁਕ ਗਈ। ਸਾਡੇ ਨਾਲ ਦੀ ਮੁੰਡ੍ਹੀਰ ਫਿਰ ਇਕੱਠੀ ਹੋਣੀ ਸ਼ੁਰੂ ਹੋ ਗਈ। ਸਾਰੇ ਮਿਲ਼ਕੇ ਮੇਰੇ ਘਰ ਆ ਗਏ, ਕਹਿੰਦੇ ਯਾਰ ਐਤਕੀ ਧੂਣੀ ਤਾਂ ਬਾਲ਼ੀ ਨਹੀਂ। ਲੋਹੜੀ ਕਿਹੜੀ ਵਾਰ ਵਾਰ ਆਉਂਦੀ ਆ। ਮੈਂ ਕਿਹਾ ਹੁਣ ਲੋਕਾਂ ਦੀਆਂ ਪਾਥੀਆਂ, ਬਾਲਣ ਤਾਂ ਗਿੱਲਾ ਹੋ ਗਿਆ, ਕਿਵੇਂ ਲਾਵਾਂਗੇ ਧੂਣੀ ? ਵਿੱਚੋਂ ਕੁੱਝ ਕਹਿਣ ਲੱਗੇ ਆਹ ਜਿਹੜੀਆਂ ਪਾਥੀਆਂ ਸੁੱਕੀਆਂ ਆਪਾਂ ਇਕੱਠੀਆਂ ਕੀਤੀਆਂ, ਇਹਨਾਂ ਦੇ ਨਾਲ ਗਿੱਲੀਆਂ ਨੇ ਵੀ ਮੱਘ ਜਾਣਾਂ । ਪਿੰਡ ਵਿੱਚ ਹੱਟੀ ਵਾਲੀ ਜਨਾਨੀ ਲੋਕਾਂ ਦਿਉਂ ਤੇ ਆਲੇ ਦੁਆਲਿਓ ਗੋਹਾ ਇਕੱਠਾ ਕਰਕੇ ਪਾਥੀਆਂ ਪੱਥਦੀ ਹੁੰਦੀ ਸੀ ਤੇ ਮੁੱਲ ਵੇਚਦੀ ਹੁੰਦੀ ਸੀ। ਅਸੀਂ ਸਲਾਹ ਬਣਾਈ ਪਈ ਚਲੋ ਅੱਜ ਪ੍ਰੀਤੋ ਦੀਆਂ ਪਾਥੀਆਂ ਚੋਰੀ ਕਰਦੇ ਹਾਂ ਕਿਉਂਕਿ ਸੌਦੇ ਪੱਤੇ ਵਿੱਚ ਤੇ ਤੋਲਣ ਵਿੱਚ ਬਹੁਤ ਛਿੱਲ ਲਾਹੁੰਦੀ ਆ। ਇੱਕ ਮਜ਼ਾ ਇਹ ਵੀ ਹੁੰਦਾ ਸੀ ਕਿ ਉਹ ਗਾਲ਼ਾਂ ਬਹੁਤ ਕੱਢਦੀ ਹੁੰਦੀ ਸੀ।
ਹੈ ਹਾ ਨੀ ਕੋਈ ਮਰ ਗਿਆ, ਥੇਹ ਪੈਣਾ, ਕੋਈ ਬੱਚਾ ਪਿੱਟੀ ਦਾ ਮਰ ਗਿਆ, ਇਹ ਬਾਲਣ, ਪਾਥੀਆਂ ਆਪਣੇ ਉੱਪਰ ਪਾ ਲਵੇ, ਹਰਾਮਜ਼ਾਦੇ ਐਰਾ ਵਗੈਰਾ ਤੇ ਅਸੀਂ ਸੋਚਿਆ ਪਈ ਨਾਲੇ ਗਾਲਾਂ ਦੇ ਨਜ਼ਾਰੇ ਲਵਾਂਗੇ। ਅਸੀਂ ਇੱਕ ਖੇਸੀ ਵਿਛਾਈ ਤੇ ਉਸ ਵਿੱਚ ਪਾਥੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਪੂਰੀ ਪੰਡ ਬੰਨ੍ਹਕੇ ਅਜੇ ਚੁੱਕਣ ਹੀ ਲੱਗੇ ਸੀ ਕਿ ਪ੍ਰੀਤੋ ਉੱਚੀ ਉੱਚੀ ਗਾਲੀਆਂ ਕੱਢਦੀ ਆ ਧਮਕੀ।
ਹੈ ਹਾ ਤੁਹਾਡਾ ਕੱਖ ਨਾ ਰਹੇ, ਲੁੱਚਿਓ, ਹਰਾਮੀਉਂ ਮੇਰੀਆਂ ਪਾਥੀਆਂ ਲੈ ਚੱਲੇ ਸੀ। ਅਸੀਂ ਪੰਡ ਛੱਡਕੇ ਭੱਜ ਨਿੱਕਲੇ। ਬੜਾ ਗੁੱਸਾ ਆਇਆ ਕਿ ਬਣੀ ਬਣਾਈ ਸਕੀਮ ਤੇ ਪਾਣੀ ਫ਼ਿਰ ਗਿਆ।

ਚਲਦਾ,,,,,,,

 

ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)

Have something to say? Post your comment