Sunday, January 19, 2025
BREAKING NEWS

Social

ਮੇਰੀ ਆਖ਼ਰੀ ਲੋਹੜੀ

January 11, 2025 06:04 PM
Amarjeet Cheema (Writer from USA)

ਮੇਰੀ ਆਖ਼ਰੀ ਲੋਹੜੀ

ਭਾਗ - 2

ਭਾਗ - ਆਖ਼ਰੀ ਭਾਗ

ਅਸੀਂ ਭੱਜੇ ਜਾਂਦਿਆਂ ਹੱਟੀ ਵਾਲਿਆਂ ਦਾ ਲੈਂਟਰ ਸੀ ਦਰਵਾਜ਼ੇ ਉੱਤੇ ਜੋ ਗਲ਼ੀ ਵਿੱਚ ਨੂੰ ਖੁੱਲ੍ਹਦਾ ਸੀ। ਅਸੀਂ ਸਾਰਿਆਂ ਇੱਕ ਜ਼ੋਰ ਹੋ ਕੇ ਧੱਕਾ ਮਾਰਿਆ ਤੇ ਲੈਂਟਰ ਧਾੜ ਕਰਦਾ ਫਰਸ਼ ਤੇ ਡਿੱਗ ਪਿਆ। ਉਹਦੇ ਖੜਾਕੇ ਨਾਲ ਅੱਧਾ ਪਿੰਡ ਜਾਗ ਗਿਆ ਆਲੇ ਦੁਆਲੇ ਦੇ ਘਰਾਂ ਵਿੱਚ ਰੌਲ਼ੀ ਪੈ ਗਈ ਪਈ ਇਹ ਕੀ ਹੋਇਆ। ਕਾਫ਼ੀ ਲੋਕ ਹੱਟੀ ਵਾਲਿਆਂ ਦੇ ਘਰ ਇਕੱਠੇ ਹੋ ਗਏ। ਲੋਕੀਂ ਕਹਿਣ ਇਹ ਮੁੰਡ੍ਹੀਰ ਦੀ ਸ਼ਰਾਰਤ ਆ। ਹੱਟੀ ਵਾਲਿਆਂ ਦਾ ਸਾਰਾ ਟੱਬਰ ਪਿੱਟ ਸਿਆਪਾ ਕਰਨ ਲੱਗ ਪਿਆ। ਹੱਟੀ ਵਾਲਾ ਉੱਚੀ ਸਾਹੇ ਇੱਕੋ ਗੱਲ ਕਹੀ ਜਾਵੇ ਕਿ ਸ਼ਰਾਰਤ ਨਹੀਂ ਇਹ ਤਾਂ ਇਰਾਦਾ ਕਤਲ ਸੀ। ਮੈਂ ਦਰਵਾਜੇ ਦੇ ਨਾਲ ਮੰਜਾ ਡਾਹ ਕੇ ਸੋੌਂਦਾ ਹੁੰਦਾ ਸੀ, ਕੁਦਰਤੀਂ ਅੱਜ ਥੋੜ੍ਹਾ ਪਰ੍ਹੇ ਸੀ ਤੇ ਮੈਂ ਬਚ ਗਿਆ ਨਹੀਂ ਤਾਂ ਮੈਂ ਮਰ ਜਾਣਾ ਸੀ। ਅਸੀਂ ਥੋੜ੍ਹੀ ਦੂਰ ਹੋ ਕੇ ਸਾਰਾ ਤਮਾਸ਼ਾ ਦੇਖ ਰਹੇ ਸੀ। ਸਭ ਤੋਂ ਪਹਿਲਾਂ ਮੇਰਾ ਨਾਂ ਬੋਲਦਾ ਸੀ। ਪਿੰਡ ਦਾ ਲੰਬੜਦਾਰ ਮੇਰਾ ਚਾਚਾ ਸੀ ਤੇ ਉਹ ਗੱਲ ਟਾਲ਼ ਗਿਆ ਕਹਿੰਦਾ ਚਲੋ ਸਾਰੇ ਆਪੋ ਆਪਣੇ ਘਰੀਂ ਤੇ ਸਵੇਰ ਨੂੰ ਸਰਪੰਚ ਨੂੰ ਸੱਦਕੇ ਗੱਲ ਕਰਾਂਗੇ।
ਅਸੀਂ ਸੋਚਿਆ ਪਈ ਪੰਚਾਇਤ ਤਾਂ ਹੁਣ ਹੋਣੀ ਹੀ ਆ ਕਿਉਂ ਨਾ ਧੂਣੀ ਬਾਲ਼ ਲਈਏ। ਅਸੀਂ ਕੁੱਝ ਪਾਥੀਆਂ ਤੇ ਸੁੱਕੇ ਬਾਲਣ ਦੀ ਅੱਗ ਬਾਲ਼ ਲਈ ਸਰਪੰਚ ਦੀ ਬੈਠਕ ਦੇ ਹਨੇਰੇ ਪਾਸੇ ਗੁਰੂ ਘਰ ਵੱਲ ਧੂਣੀ ਬਾਲ਼ ਲਈ। ਬੈਠਕ ਤੋਂ ਥੋੜ੍ਹੀ ਦੂਰ ਰਲ਼ਾ ਸਿੰਘ ਦਾ ਘਰ ਸੀ। ਉਹ ਵੀ ਸਾਡੇ ਪਿਉ ਨਾਲ ਖੁੰਦ੍ਹਕ ਖਾਂਦਾ ਸੀ। ਵਿੱਚ ਵਿੱਚ ਕਦੇ ਕਦੇ ਛੋਟੀ ਮੋਟੀ ਲੜਾਈ ਵੀ ਹੋ ਜਾਂਦੀ ਸੀ। ਉਹਦੇ ਘਰ ਦੇ ਬਾਹਰ ਸਣ ਦੀਆਂ ਭਰੀਆਂ ਪਈਆਂ ਸਨ। ਮੈਂ ਕੀ ਕੀਤਾ, ਦੂਜੇ ਮੁੰਡਿਆਂ ਨੂੰ ਨਾਲ ਲੈ ਕੇ ਪੰਜ ਕੁ- ਭਰੀਆਂ ਸਣ ਦੀਆਂ ਲਿਆਕੇ ਧੂਣੀ ਉੱਤੇ ਰੱਖ ਦਿੱਤੀਆਂ। ਸਣ ਦੀਆਂ ਛਿਟੀਆਂ ਵਿੱਚ ਇੱਕ ਕਿਸਮ ਤੇਲ ਹੁੰਦਾ। ਜਦੋਂ ਅੱਗ ਦਾ ਲਾਂਬੂ ਉਤਾਂਹ ਨੂੰ ਨਿਕਲਿਆ ਤੇ ਸਣ ਦੀਆਂ ਫਲ਼ੀਆਂ ਦੇ ਪਏ ਪਟਾਕੇ ਤਾੜ ਤਾੜ। ਇਉ ਲੱਗੇ ਜਿਵੇਂ ਦਹਿੰਸਰ ਨੂੰ ਅੱਗ ਲੱਗੀ ਹੋਵੇ। ਇੰਨੀ ਲੋਅ ਵਿੱਚ ਪਛਾਣੇ ਜਾਣ ਦੇ ਡਰੋਂ ਅਸੀਂ ਭੱਜ ਨਿੱਕਲੇ। ਕੁੱਝ ਦੂਰੀ ਤੇ ਮੇਰਾ ਘਰਾਂ ਚੋਂ ਲੱਗਦਾ ਚਾਚਾ ਆਵਾਜਾਂ ਮਾਰੇ ਓਏ ਮੁੰਡਿਓ ਭੱਜੋ ਨਾ ਕੁਝ ਨਹੀਂ ਹੁੰਦਾ। ਅਸੀਂ ਹਨੇਰੇ ਵਿੱਚ ਲੁੱਕ ਕੇ ਬਹਿ ਗਏ ਤੇ ਲੋਅ ਵਿੱਚ ਸਾਰਾ ਨਜ਼ਾਰਾ ਦੇਖਿਆ ਪਈ ਕੌਣ ਕੌਣ ਆਏ ਅੱਗ ਦਾ ਨਜ਼ਾਰਾ ਦੇਖਣ ਤੇ ਕੀ ਕੀ ਗੱਲਾਂ ਕਰਦੇ ਸਨ। ਕੋਈ ਕਹੇ ਇਸ ਮੁੰਡ੍ਹੀਰ ਨੇ ਅਸਮਾਨ ਸਿਰ ਤੇ ਚੁੱਕਿਆ ਹੋਇਆ, ਕੋਈ ਨਾ ਕੋਈ ਨਵੀਂ ਸ਼ਰਾਰਤ ਕਰਦੇ ਆ।

ਦੋ ਘੰਟੇ ਪਹਿਲਾਂ ਪਾਥੀਆਂ ਚੋਰੀ ਕਰਨ ਦਾ ਰੌਲ਼ਾ,ਫਿਰ ਹੱਟੀ ਵਾਲਿਆਂ ਦਾ ਲੈਂਟਰ ਢਾਉਣ ਦਾ ਰੌਲ਼ਾ ਤੇ ਹੁਣ ਇਹ ਰਲ਼ਾ ਸਿੰਘ ਦੀ ਸਣ ਨੂੰ ਅੱਗ ਦਾ ਰੌਲ਼ਾ। ਕੁੱਝ ਕਹਿਣ ਅੰਬੇ ਦਾ ਕੰਮ ਆ, ਕੁੱਝ ਕਹਿਣ ਅੰਬਾ ਇਕੱਲਾ ਥੋੜ੍ਹੀ ਸਭ ਕੁਝ ਕਰਦਾ ? ਨਾਲ ਹੋਰ ਵੀ ਮੁੰਡੇ ਹੋਣਗੇ ? ਇੰਨੇ ਨੂੰ ਰਲ਼ਾ ਸਿੰਘ ਵੀ ਰੌਲ਼ੀ ਸੁਣਕੇ ਆ ਗਿਆ। ਲੱਗਾ ਪਿੱਟ ਸਿਆਪਾ ਕਰਨ। ਮਸੀਂ ਮਸੀਂ ਸਣ ਬੀਜੀ ਸੀ ਪਈ ਇਹਦੀਆਂ ਰੱਸੀਆਂ ਵੱਟ ਕੇ ਮੰਜੇ ਬੁਣਾਂਗਾ, ਡੰਗਰਾਂ ਨੂੰ ਬੰਨ੍ਹਣ ਲਈ ਰੱਸੇ ਵੱਟਾਂਗੇ ਪਰ ਇਹ ਅੰਬੇ ਨੇ ਸਾਰੀਆਂ ਸਕੀਮਾਂ ਖੂਹ ਵਿੱਚ ਪਾ ਦਿੱਤੀਆਂ। ਹੌਲ਼ੀ ਹੌਲ਼ੀ ਸਾਰੇ ਲੋਕ ਖਿਸਕਣੇ ਸ਼ੁਰੂ ਹੋ ਗਏ ਤੇ ਰਲ਼ਾ ਸਿੰਘ ਨੂੰ ਅਸੀਂ ਦੇਖ ਰਹੇ ਸੀ ਕਿ ਉੱਥੇ ਹੀ ਸੀ ਤੇ ਕਹੀ ਫ਼ੜਕੇ ਅੱਗ ਦਾ ਢੇਰ ਦਰਵਾਜ਼ੇ ਵੱਲ ਨੂੰ ਕਰ ਦਿੱਤਾ ਪਈ ਸਰਪੰਚ ਨੂੰ ਭੜਕਾਇਆ ਜਾ ਸਕੇ ਪਈ ਅੱਗ ਤੇਰੀ ਬੈਠਕ ਨੂੰ ਲਾਈ ਸੀ। ਰਲ਼ਾ ਸਿੰਘ ਰਾਤ ਨੂੰ ਸਰਪੰਚ ਕੋਲ਼ ਜਾ ਕੇ ਇਹ ਜਾਣਕਾਰੀ ਦੇ ਆਇਆ ਸੀ ਤੇ ਸਰਪੰਚ ਨੇ ਰਾਤ ਨੂੰ ਆ ਕੇ ਦੇਖਿਆ ਕਿ ਧੂਣੀ ਦੀ ਅੱਗ ਬੂਹੇ ਤੋਂ ਦੂਰ ਸੀ ਪਰ ਕਿਸੇ ਨੇ ਧੂਹ ਕੇ ਬੂਹੇ ਕੋਲ਼ ਕਰ ਦਿੱਤੀ ਸੀ। ਸਰਪੰਚ ਰਲ਼ਾ ਸਿੰਘ ਦੀ ਚਲਾਕੀ ਸਮਝ ਗਿਆ ਸੀ ਕਿ ਇਹ ਸਾਨੂੰ ਸਿੱਧਿਆਂ ਆਪਸ ਵਿੱਚ ਲੜਾਕੇ ਆਪਣੀ ਦੁਸ਼ਮਣੀ ਕੱਢ ਰਿਹਾ ਸੀ। ਜੋ ਮੈਨੂੰ ਸਰਪੰਚ ਨੇ ਬਾਦ ਵਿੱਚ ਦੱਸਿਆ ਸੀ।
ਸਰਪੰਚ ਦੋ ਦਿਨਾਂ ਲਈ ਕਿਤੇ ਬਾਹਰ ਗਿਆ ਸੀ ਤੇ ਚੌਥੇ ਦਿਨ ਹੱਟੀ ਵਾਲਿਆਂ ਤੇ ਰਲ਼ਾ ਸਿੰਘ ਨੇ ਪੰਚਾਇਤ ਸੱਦ ਲਈ। ਪੂਰੇ ਤਿੰਨ ਦਿਨ ਮੈਂ ਘਰ ਨਾ ਵੜਿਆ ਕਿਉਂਕਿ ਮੇਰੇ ਭਰਾ ਨੇ ਮੇਰਾ ਜੀਣਾ ਹਰਾਮ ਕਰ ਛੱਡਿਆ ਸੀ। ਕਹਿੰਦਾ ਇੱਕ ਵਾਰੀ ਹੱਥ ਆ ਜਾਏ ਇਹਨੂੰ ਬੰਦਾ ਬਣਾਕੇ ਛੱਡੂੰ। ਵੇਲੇ ਕੁਵੇਲੇ ਬੱਚ ਬਚਾਕੇ ਮੈਂ ਘਰੋਂ ਰੋਟੀ ਲੈਣੀ ਤੇ ਮਾਂ ਨੇ ਕਹਿਣਾ ਕਿ ਰੋਟੀ ਲੈ ਫ਼ਟਾ ਫ਼ਟ ਬਾਹਰ ਭੱਜ ਜਾ ਨਹੀਂ ਤਾਂ ਤੇਰੀ ਸ਼ਾਮਤ ਆ ਜਾਣੀ ਆਂ। ਮੈਂ ਬੜਾ ਦੁਖੀ ਪਈ ਕਿੰਨੇ ਕੁ-ਦਿਨ ਇਸ ਤਰਾਂ ਘਰੋਂ ਬਾਹਰ ਭੱਜਿਆ ਫਿਰੂੰ। ਜਿੱਥੇ ਜਿੱਥੇ ਭਰਾ ਨੂੰ ਸ਼ੱਕ ਹੋਣੀ ਤੇ ਉਹਨੇ ਲੋਕਾਂ ਦੇ ਘਰੀਂ ਛਾਪੇ ਮਾਰਨੇ ਪਈ ਇੱਕ ਵਾਰ ਟੱਕਰ ਜਾਏ ਸਹੀਂ। ਸਾਡੀ ਪਿੰਡ ਵਿੱਚ ਬਦਨਾਮੀ ਕਰਾ ਦਿੱਤੀ ਆ। ਪੰਜਵੇਂ ਦਿਨ ਸਵੇਰ ਨੂੰ ਪੰਚਾਇਤ ਦਾ ਟਾਈਮ ਸੀ ਤੇ ਮੈਂ ਸਵੇਰੇ ਸਵੇਰੇ ਸਰਪੰਚ ਦੇ ਖੂਹ ਤੇ ਚਲੇ ਗਿਆ।

ਮੇਰੇ ਵੱਲ ਦੇਖਕੇ ਹੱਸਿਆ ਤੇ ਕਹਿੰਦਾ ਅੱਜ ਸਵੇਰੇ ਸਵੇਰੇ ਸੱਤਜੁੱਗ ਕਿੱਧਰੋਂ ਆ ਗਿਆ ? ਮੈਂ ਕਿਹਾ ਚਾਚਾ ਇਸ ਵਾਰੀ ਮੈਨੂੰ ਕਿਸੇ ਤਰਾਂ ਬਚਾ ਲੈ‌। ਅੱਗੋਂ ਤੋਂ ਮੇਰੀ ਕੋਈ ਸ਼ਿਕਾਇਤ ਨਹੀਂ ਆਵੇਗੀ। ਦੂਜੀ ਗੱਲ ਮੇਰੇ ਭਰਾ ਤੋਂ ਮੇਰਾ ਖਹਿੜਾ ਛੁਡਾ, ਤੁਸੀਂ ਉਹਦੇ ਵਿਚੋਲੇ ਹੋ ਤੇ ਤੁਹਾਡੀ ਗੱਲ ਉਹ ਨਹੀਂ ਮੋੜੇਗਾ। ਕਹਿੰਦਾ ਅੱਗੇ ਤੋਂ ਬੰਦਾ ਬਣ ਜਾਈਂ ਤੇ ਤੇਰਾ ਇਹ ਹੱਲ ਵੀ ਮੈਂ ਕੱਢ ਲਿਆ, ਕਹਿੰਦਾ ਪੰਚਾਇਤ ਵਿੱਚ ਆਈਂ ਤੇ ਗ਼ਲਤੀ ਮੰਨ ਲਈ। ਮੈਂ ਤੇਰੇ ਭਰਾ ਨੂੰ ਕਹਾਂਗਾ ਚਲੋ ਨਿਆਣੇ ਆਂ, ਗ਼ਲਤੀ ਹੋ ਜਾਂਦੀ ਆ, ਮਾਰ ਇਹਦੇ ਚਾਰ ਛਿੱਤਰ ਤੇ ਗੱਲ ਆਈ ਗਈ ਹੋ ਜਾਊ। ਮੈਂ ਉਹਦਾ ਧੰਨਵਾਦ ਕਰਕੇ ਪਿੰਡ ਨੂੰ ਆ ਗਿਆ। ਨਾਲ਼ ਦੇ ਸਾਰੇ ਮੁੰਡਿਆਂ ਨੂੰ ਮੈਂ ਕਿਹਾ, ਤੁਸੀਂ ਸਾਰੇ ਪੰਚਾਇਤ ਵਿੱਚ ਆ ਜਾਇਉ ਤੇ ਤੁਹਾਡੀ ਸਜ਼ਾ ਦੀ ਜਿੰਮੇਵਾਰੀ ਵੀ ਮੈਂ ਲੈ ਲਵਾਂਗਾ। ਪੰਚਾਇਤ ਗੁਰੂਦੁਆਰੇ ਹੀ ਹੁੰਦੀ ਸੀ ਤੇ ਅਸੀਂ ਵੀ ਗੁਰੂਦੁਆਰੇ ਪਹੁੰਚ ਗਏ। ਜਾਂਦਿਆਂ ਦੇਖਿਆ ਕਿ ਹੱਟੀ ਵਾਲੀ ਤੇ ਉਹਦਾ ਆਦਮੀ, ਉੱਚੀ ਉੱਚੀ ਸਾਡਾ ਪਿੱਟ ਸਿਆਪਾ ਕਰੀ ਜਾਣ, ਇਹਨਾਂ ਦਾ ਕੱਖ ਨਾ ਰਹੇ,ਸਾਡਾ ਲੈਂਟਰ ਢਾਹ ਦਿੱਤਾ। ਸਾਨੂੰ ਕਦੇ ਵੀ ਚੱਜ ਦੀ ਨੀਂਦ ਸੌਣ ਨਹੀਂ ਦਿੰਦੇ। ਮੇਰੇ ਚਾਚੇ ਲੰਬੜਦਾਰ ਨੇ ਵੀ ਸਰਪੰਚ ਨੂੰ ਕਹਿ ਦਿੱਤਾ ਸੀ ਕਿ ਚਲੋ ਮੁੰਡਿਆਂ ਕੋਲੋਂ ਗ਼ਲਤੀਆਂ ਹੋ ਹੀ ਜਾਂਦੀਆਂ ਨੇ। ਚਲੋ ਇਸ ਵਾਰੀ ਇਹਨਾਂ ਨੂੰ ਮੁਆਫ ਕਰ ਦੇਈਏ। ਸਭ ਕੁੱਝ ਠੀਕ ਠਾਕ ਚੱਲ ਰਿਹਾ ਸੀ। ਸਾਰੀ ਪੰਚਾਇਤ ਇਕੱਠੀ ਹੋ ਗਈ ਤੇ ਸਭ ਤੋਂ ਪਹਿਲਾਂ ਮੈਨੂੰ ਆਵਾਜ਼ ਪਈ ਕਿ ਕੀ ਹੋਇਆ ? ਸੱਚੋ ਸੱਚ ਦੱਸ ਦੇ ਤੇ ਮੁਆਫ਼ੀ ਮਿਲ਼ ਜਾਵੇਗੀ। ਮੈਂ ਖੜ੍ਹਾ ਹੋ ਕੇ ਕਿਹਾ ਕਿ ਸਾਰੀ ਗ਼ਲਤੀ ਮੇਰੀ ਹੈ ਤੇ ਮੇਰੇ ਦੋਸਤਾਂ ਨੂੰ ਤੇ ਮੈਨੂੰ ਇੱਕ ਵਾਰ ਮੁਆਫ਼ੀ ਦੇ ਦਿਉ। ਸਾਰੇ ਸਿਆਣੇ ਬਜ਼ੁਰਗ ਇਸ ਗੱਲ ਨਾਲ ਸਹਿਮਤ ਹੋ ਗਏ। ਹੁਣ ਰਲ਼ਾ ਸਿੰਘ ਤੇ ਹੱਟੀ ਵਾਲੀ ਦੁਹਾਈ ਦੇਣ ਕਿ ਸਾਡੇ ਨੁਕਸਾਨ ਦਾ ਕੌਣ ਜੁੰਮੇਵਾਰ ਹੈ ? ਰਲ਼ਾ ਸਿੰਘ ਨੂੰ ਸਰਪੰਚ ਨੇ ਕਿਹਾ ਕਿ ਕੋਈ ਗੱਲ ਨਹੀਂ, ਸਬਰ ਕਰ ਆਪਣੇ ਹੀ ਮੁੰਡੇ ਨੇ। ਆਪਾਂ ਵੀ ਜੁਆਨੀ ਵੇਲੇ ਇਹੋ ਜਿਹੀਆਂ ਸ਼ਰਾਰਤਾਂ ਕਰਦੇ ਹੀ ਹੁੰਦੇ ਸੀ ? ਤੇ ਉਹ ਮੰਨ ਗਿਆ।

ਤੇ ਮੈਨੂੰ ਕਹਿੰਦੇ ਕਾਕਾ ਇੱਕ ਬੋਰਾ ਸੀਮਿੰਟ ਦਾ ਇਸ ਦੀ ਰਾਜ ਮਿਸਤਰੀ ਦੀ ਦਿਹਾੜੀ ਤੇਰੇ ਜੁੰਮੇਂ ਆਂ। ਮੈਂ ਖਿੜੇ ਮੱਥੇ ਸਵੀਕਾਰ ਕਰ ਲਿਆ। ਮੈਂ ਹੱਟੀ ਵਾਲ਼ੀ ਨੂੰ ਕਿਹਾ ਕਿ ਚਾਚੀ ਸਾਰਾ ਨਬੇੜਾ ਹੋ ਗਿਆ ਤੇ ਸਾਡੀ ਖੇਸੀ ਤਾਂ ਵਾਪਸ ਕਰਦੇ। ਥੋੜ੍ਹੀ ਬਾਹਲੀ ਗੱਲਬਾਤ ਤੋਂ ਬਾਦ ਸਾਨੂੰ ਖੇਸੀ ਵੀ ਮਿਲ ਗਈ। ਜੇ ਖੇਸੀ ਨਾ ਮਿਲਦੀ ਤਾਂ ਦੋਸਤ ਦੀ ਮਾਂ ਨੇ ਵੀ ਉਹਦੀ ਛਿੱਲ ਲਾਹੁਣੀ ਸੀ। ਮੇਰਾ ਪਿਉ ਘੱਟ ਬੋਲਦਾ ਸੀ ਪਰ ਮੇਰੀ ਮਾਂ ਤੇ ਵੱਡੇ ਭਰਾ ਨੇ ਮੈਨੂੰ ਤਾਗੀਦ ਕੀਤੀ ਕਿ ਹੁਣ ਫਿਰ ਜੇ ਕੋਈ ਸ਼ਿਕਾਇਤ ਆਈ ਤਾਂ ਆਪਣਾ ਪੜ੍ਹਿਆ ਵਿਚਾਰ ਲਈਂ। ਆਪਣੀ ਰੋਟੀ ਦਾ ਆਪਣੇ ਰਹਿਣ ਦਾ ਇੰਤਜ਼ਾਮ ਕਰ ਲਈਂ ਕਿਉਂਕਿ ਅਸੀਂ ਤੈਨੂੰ ਘਰ ਨਹੀਂ ਵੜਨ ਦੇਣਾ। ਸੋ 1980 ਤੋਂ ਬਾਦ 81-82 ਵਿੱਚ ਮੈਂ ਲੋਹੜੀ ਨਹੀਂ ਮਨਾਈ ਤੇ 83 ਦੀ ਲੋਹੜੀ ਵਾਲੇ ਦਿਨ ਮੈਂ ਮਿਸਰ (EGYPAT) ਪਹੁੰਚ ਗਿਆ। ਮੈਂ ਅੱਜ ਤੱਕ ਮਨਾਈਆਂ ਲੋਹੜੀਆਂ ਨੂੰ ਯਾਦ ਕਰਕੇ ਹੀ ਖੁਸ਼ ਹੋ ਜਾਨਾਂ।
ਕਈ ਵਾਰੀ ਪੰਜਾਬ ਆ ਕੇ ਵੀ ਲੋਹੜੀਆਂ ਮਨਾਈਆਂ ਅਮਰੀਕਾ, ਕੈਨੇਡਾ ਵੀ ਮਨਾਈਆਂ ਪਰ ਜਿਹੜੀਆਂ ਲੋਹੜੀਆਂ ਆਪਣੇ ਹੱਥੀਂ ਬਾਲਣ ਇੱਕਠਾ ਕਰਕੇ ਧੂਣੀ ਲਾ ਕੇ ਮਨਾਈਆਂ, ਉਹਨਾਂ ਨਾਲ ਦੀ ਗੱਲ ਨਹੀਂ ਬਣਦੀ। ਸੋ ਦੋਸਤੋ 1980 ਦੀ ਲੋਹੜੀ ਮੇਰੀ ਆਖ਼ਰੀ ਲੋਹੜੀ ਸੀ।

ਸਮਾਪਤ

*ਅਮਰਜੀਤ ਚੀਮਾਂ
+17169083631

Have something to say? Post your comment