ਜਸਵਿੰਦਰ ਪੰਜਾਬੀ ਨਿਵੇਕਲੀ ਕਿਸਮ ਦੇ ਵਿਸ਼ਿਆਂ ‘ਤੇ ਲਿਖਣ ਵਾਲਾ ਸਾਹਿਤਕਾਰ ਹੈ। ਉਸ ਦੀਆਂ 8 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਤਿੰਨ ਵਾਰਤਕ, ਦੋ ਕਾਵਿ ਸੰਗ੍ਰਹਿ, ਇੱਕ ਕਹਾਣੀ ਸੰਗ੍ਰਹਿ ਸਾਰੀਆਂ ਸੰਪਾਦਿਤ ਕੀਤੀਆਂ ਪੁਸਤਕਾਂ ਅਤੇ ਇੱਕ ਮੌਲਿਕ ‘ਕਾਵਿ ਸਾਂਝਾਂ’ ਕਾਵਿ ਸੰਗ੍ਰਹਿ ਪ੍ਰਕਾਸ਼ਤ ਸ਼ਾਮਲ ਹਨ। ਇੱਕ ਸੱਚੀਆਂ ਘਟਨਾਵਾਂ ‘ਤੇ ਅਧਾਰਤ ਵਾਰਤਕ ਦੀ ਪੁਸਤਕ ਪ੍ਰਕਾਸ਼ਤ ਹੋਈ ਹੈ। ਭਾਵੇਂ ਜਸਵਿੰਦਰ ਪੰਜਾਬੀ ਦਾ ‘ਮੁਰਗਾਬੀਆਂ’ ਪਲੇਠਾ ਨਾਵਲ ਹੈ, ਪ੍ਰੰਤੂ ਇਹ ਪੰਜਾਬੀ ਦੇ ਸਾਹਿਤਕ ਭਾਈਚਾਰੇ ਵਿੱਚ ਤਹਿਲਕਾ ਮਚਾਉਣ ਦੇ ਸਮਰੱਥ ਹੈ। ਇਹ ਨਾਵਲ ਪੜ੍ਹਕੇ ਲੜਕੀਆਂ/ਇਸਤਰੀਆਂ ਦਾ ਸ਼ੋਸ਼ਣ ਕਰਨ ਵਾਲੇ ਭਵਿਖ ਵਿੱਚ ਅਜਿਹੀਆਂ ਕਰਤੂਤਾਂ ਕਰਨ ਤੋਂ ਪਹਿਲਾਂ ਸੌ ਵਾਰ ਜ਼ਰੂਰ ਸੋਚਣਗੇ। ਲੜਕੀਆਂ/ਇਸਤਰੀਆਂ ਵੀ ਅਜਿਹੀ ਦਲਦਲ ਵਿੱਚ ਜਾਣ ਤੋਂ ਝਿਜਕਣਗੀਆਂ। ਇਸ ਦਾ ਭਾਵ ਤਾਂ ਇਹ ਹੋਇਆ ਕਿ ਇਹ ਨਾਵਲ ਸਮਾਜ ਦੀ ਸੋਚ ਵਿੱਚ ਮਹੱਤਵਪੂਰਨ ਤਬਦੀਲੀ ਲਿਆ ਸਕਦਾ ਹੈ। ਜਸਵਿੰਦਰ ਪੰਜਾਬੀ ਨੇ ਇਹ ਨਾਵਲ ਬਹੁਤ ਹੀ ਗੰਭੀਰ, ਸੰਜੀਦਾ ਅਤੇ ਨਿਵੇਕਲੇ ਵਿਸ਼ਿਆਂ ਨੂੰ ਮੁੱਖ ਰੱਖਕੇ ਲਿਖਿਆ ਹੈ। ਇਨ੍ਹਾਂ ਵਿਸ਼ਿਆਂ ‘ਤੇ ਉਸਨੇ ਇਤਨੀ ਬੇਬਾਕੀ ਨਾਲ ਲਿਖਿਆ ਹੈ ਕਿ ਹੋ ਸਕਦਾ ਬਹੁਤ ਸਾਰੇ ਲੇਖਕਾਂ/ਲੋਕਾਂ ਨੂੰ ਇਸ ਵਿਚਲੀਆਂ ਗੱਲਾਂ ਚੁਭਵੀਂਆਂ ਵੀ ਲੱਗਣ ਕਿਉਂਕਿ ਸੱਚ ਨੂੰ ਬਰਦਾਸ਼ਤ ਕਰਨਾ ਔਖਾ ਲੱਗਦਾ ਹੁੰਦਾ ਹੈ, ਪ੍ਰੰਤੂ ਮੇਰੇ ਖਿਆਲ ਮੁਤਾਬਕ ਇੱਕ ਕਿਸਮ ਨਾਲ ਸਮਾਜਿਕ ਤੇ ਸਾਹਿਤਕ ਗੰਧਲੇਪਣ ਨੂੰ ਦੂਰ ਕਰਨ ਲਈ ਇਹ ਨਾਵਲ ਇੱਕ ਚੇਤਾਵਨੀ ਦੇ ਤੌਰ ‘ਤੇ ਲਿਆ ਜਾਣਾ ਚਾਹੀਦਾ ਹੈ। ਹੋ ਸਕਦਾ ਸੰਬੰਧਤ ਲੋਕ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਲੈਣ। ਆਮ ਤੌਰ ‘ਤੇ ਜੇਕਰ ਕਿਸੇ ਗੱਲ ਵਿੱਚ ਥੋੜ੍ਹੀ ਬਹੁਤੀ ਸਚਾਈ ਹੋਵੇ ਜਾਂ ਸਚਾਈ ਦੇ ਨੇੜੇ-ਤੇੜੇ ਹੋਵੇ ਤਾਂ ਉਸਦਾ ਸੇਕ ਕੁਝ ਪ੍ਰਭਾਵਤ ਲੋਕਾਂ ਨੂੰ ਜ਼ਰੂਰ ਲੱਗਦਾ ਹੈ, ਪ੍ਰੰਤੂ ਇਸ ਸੇਕ ਨੂੰ ਉਸਾਰੂ ਤੌਰ ‘ਤੇ ਲੈਣਾ ਚਾਹੀਦਾ ਹੈ। ਵਰਤਮਾਨ ਸਮੇਂ ਅਜਿਹੇ ਨਾਵਲ ਦੀ ਲੋੜ ਸੀ ਕਿਉਂਕਿ ਸਮਾਜ ਦੀ ਮਾਨਸਿਕ ਅਵਸਥਾ ਬਹੁਤ ਹੀ ਨੀਵੇਂ ਪੱਧਰ ‘ਤੇ ਪਹੁੰਚ ਚੁੱਕੀ ਹੈ। ਨਾਵਲ ਦਾ ਨਾਮ ‘ਮੁਰਗਾਬੀਆਂ’ ਇਸਤਰੀਆਂ ਲਈ ਵਰਤਿਆ ਗਿਆ, ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ। ਸਾਰਾ ਨਾਵਲ ਸ਼ੋਸ਼ਣ ਖਾਸ ਤੌਰ ‘ਤੇ ਸਾਹਿਤਕ, ਸਮਾਜਿਕ ਅਤੇ ਲੜਕੀਆਂ/ਇਸਤਰੀਆਂ ਦੇ ਸ਼ੋਸ਼ਣ ਦੇ ਆਲੇ ਦੁਆਲੇ ਘੁੰਮਦਾ ਹੈ। ਇਹ ਸ਼ੋਸ਼ਣ ਦਿਹਾਤੀ ਅਤੇ ਸ਼ਹਿਰੀ ਦੋਹਾਂ ਖੇਤਰਾਂ ਵਿੱਚ ਹੋ ਰਿਹਾ ਹੈ, ਭਾਵੇਂ ਉਨ੍ਹਾਂ ਦੇ ਢੰਗ ਵੱਖਰੇ ਹਨ। ਜਸਵਿੰਦਰ ਪੰਜਾਬੀ ਖੁਦ ਇੱਕ ਸਾਹਿਤਕਾਰ ਤੇ ਪ੍ਰਕਾਸ਼ਕ ਹੈ, ਹੋ ਸਕਦਾ ਉਸਨੂੰ ਸਾਹਿਤਕਾਰਾਂ ਅਤੇ ਪ੍ਰਕਾਸ਼ਕਾਂ ਵੱਲੋਂ ਪੁਸਤਕਾਂ ਪ੍ਰਕਾਸ਼ਤ ਕਰਵਾਉਣ ਲਈ ਵਰਤੇ ਜਾਂਦੇ ਹੱਥ ਕੰਡਿਆਂ ਬਾਰੇ ਵਧੇਰੇ ਸਾਰਥਿਕ ਜਾਣਕਾਰੀ ਹੋਵੇ, ਇਸ ਕਰਕੇ ਹੀ ਉਸ ਨੇ ਬੜੀ ਬਾਰੀਕੀ ਨਾਲ ਸਾਹਿਤਕ ਖੇਤਰ ਵਿੱਚ ਉਭਰਦੀਆਂ ਨੌਜਵਾਨ ਲੜਕੀਆਂ ਨੂੰ ਅਖ਼ਬਾਰਾਂ/ਰਸਾਲਿਆਂ/ਪੁਸਤਕਾਂ ਵਿੱਚ ਛਪਣ/ਪ੍ਰਕਾਸ਼ਤ ਕਰਵਾਉਣ ਅਤੇ ਇਨਾਮ ਦਿਵਾਉਣ ਦੇ ਲਈ ਪੁਸਤਕਾਂ ‘ਤੇ ਚਰਚਾਵਾਂ ਕਰਵਾਕੇ, ਖ਼ਬਰਾਂ ਲਗਵਾ ਕੇ ਲੋਕ ਆਪਣੇ ਜਾਲ ਵਿੱਚ ਫਸਾ ਲੈਂਦੇ ਹੋਣ। ਲੜਕੀਆਂ/ਇਸਤਰੀਆਂ ਦੀਆਂ ਮਜ਼ਬੂਰੀਆਂ ਅਤੇ ਜਲਦੀ ਸਥਾਪਤ ਹੋਣ ਦੀ ਲਾਲਸਾ ਉਨ੍ਹਾਂ ਦੇ ਭੰਬਲਭੂਸੇ ਵਿੱਚ ਪੈਣ ਦਾ ਕਾਰਨ ਬਣਦੀਆਂ ਹਨ। ਅਜਿਹੇ ਮੌਕੇ ‘ਤੇ ਉਹ ਇੱਕ ਦੂਜੀ ਨੂੰ ਅਖੌਤੀ ਸਾਹਿਤਕਾਰਾਂ ਵੱਲੋਂ ਆਪਣੀ ਦੋਸਤ ਬਣਾਉਣ ‘ਤੇ ਉਨ੍ਹਾਂ ਨਾਲ ਖ਼ਾਰ ਵੀ ਖਾਂਦੀਆਂ ਹਨ। ਸਮਾਜ ਦੇ ਹਰ ਵਰਗ ਵਿੱਚ ਚੰਗੇ ਤੇ ਮਾੜੇ ਦੋਵੇਂ ਤਰ੍ਹਾਂ ਦੇ ਬੰਦੇ ਹੁੰਦੇ ਹਨ। ਜਿਵੇਂ ਗੁਰਿੰਦਰ ਪਾਲ ਜ਼ਖ਼ਮੀ, ਦਵਿੰਦਰ ਪ੍ਰਵਾਨਾ, ਪ੍ਰੀਤਮ ਦਰਦੀ, ਪ੍ਰੋ.ਤਰਵਿੰਦਰ ਅਲੌਕਿਕ, ਪਰਿੰਦਾ, ਰੂਪ, ਪ੍ਰੋਫ਼ੈਸਰ ਗੁਰਮੇਲ, ਬਹਾਦਰ ਸਿੰਘ ਸਿੱਧੂ, ਰਾਮਿੰਦਰ ਰਮਨ, ਕਿਰਨ ਜੋਤੀ, ਪ੍ਰੀਤਜੀਤ ਵਰਗੇ ਬੁਰੇ ਕਿਰਦਾਰ ਵਾਲੇ ਤੇ ਰਿਖੀਦੇਵ ਤੇ ਪ੍ਰੀਤਜੀਤ ਭਰਾ ਭੈਣ ਦੇ ਰਿਸ਼ਤੇ ਅਧੀਨ ਅਜਿਹੇ ਪਵਿਤਰ ਰਿਸ਼ਤੇ ਨੂੰ ਦਾਗ਼ਦਾਰ ਕਰਨ ਵਾਲੇ। ਇਸ ਦੇ ਮੁਕਾਬਲੇ ਜੀਵਨ ਵਾਰਸੀ, ਮਨਦੀਪ, ਗੁਰਕੀਰਤ ਤੇ ਗੁਰਨੈਬ ਵਰਗੇ ਚੰਗੇ ਕਿਰਦਾਰ ਵਾਲੇ ਲੋਕ ਵੀ ਹੁੰਦੇ ਹਨ। ਇਹ ਪਹਿਲਾਂ ਸੁਣੀਂਦਾ ਸੀ ਕਿ ਸਾਹਿਤਕਾਰ ਦੋਹਰੇ ਕਿਰਦਾਰ ਵਾਲੇ ਠਰਕੀ ਹੁੰਦੇ ਹਨ। ਉਹ ਵਿਖਾਵਾ ਕੁਝ ਹੋਰ ਕਰਦੇ ਹਨ ਪ੍ਰੰਤੂ ਅਮਲੀ ਤੌਰ ‘ਤੇ ਬਿਲਕੁਲ ਉਲਟ ਹੁੰਦੇ ਹਨ। ਇਹ ਨਾਵਲ ਪੜ੍ਹਕੇ ਕਾਫੀ ਨਵੀਂ ਜਾਣਕਾਰੀ ਮਿਲੀ ਹੈ। ਗ਼ਲਤ ਸੋਚ ਵਾਲੇ ਮਾੜੇ ਬੰਦੇ ਕੰਮ ਵੀ ਮਾੜੇ ਕਰਦੇ ਹਨ ਪ੍ਰੰਤੂ ਸਿਆਸੀ ਪਹੁੰਚ ਕਰਕੇ ਉਹ ਫਸਦੇ ਵੀ ਨਹੀ, ਸਗੋਂ ਆਪਣਾ ਬਚਾਆ ਵੀ ਕਰ ਲੈਂਦੇ ਹਨ। ਨਾਵਲ ਪੜ੍ਹਕੇ ਸੱਚ ਲੱਗਣ ਲੱਗਿਆ ਕਿ ਇਹ ਸਮਾਜ ਲਈ ਕਲੰਕ ਹੁੰਦੇ ਹਨ। ਜਸਵਿੰਦਰ ਪੰਜਾਬੀ ਨੇ ਦੋਹਾਂ ਦਾ ਪਰਦਾ ਫਾਸ਼ ਕੀਤਾ ਹੈ। ਕੁਝ ਕੁ ਸਾਹਿਤਕਾਰਾਂ ਦੀ ਧੜੇਬੰਦੀ, ਸ਼ਰਾਬ ਦੀ ਆਦਤ ਅਤੇ ਲੜਕੀਆਂ/ਇਸਤਰੀਆਂ ਦੇ ਸ਼ੋਸ਼ਣ ਕਰਨ ਨੂੰ ਵੀ ਉਛਾਲਿਆ ਗਿਆ ਹੈ, ਜੋ ਸਮੁਚੇ ਵਰਗ ਦੀ ਬਦਨਾਮੀ ਦਾ ਕਾਰਨ ਬਣਦੇ ਹਨ। ਸਾਰੇ ਭਾਵੇਂ ਮਾੜੇ ਨਹੀਂ ਹੁੰਦੇ ਪ੍ਰੰਤੂ ਜਿਵੇਂ ਇੱਕ ਮੱਛੀ ਸਾਰੇ ਤਲਾਅ ਨੂੰ ਗੰਦਾ ਕਰਨ ਦੀ ਸਮਰੱਥਾ ਰੱਖਦੀ ਹੁੰਦੀ ਹੈ, ਏਸੇ ਤਰ੍ਹਾਂ ਇਹ ਲੋਕ ਸਮੁੱਚੇ ਭਾਈਚਾਰੇ ਨੂੰ ਬਦਨਾਮ ਕਰਦੇ ਹਨ। ਨਾਵਲ ਵਿੱਚ ਦਰਸਾਇਆ ਗਿਆ ਹੈ ਕਿ ਪ੍ਰਵਾਸੀ ਸਾਹਿਤਕ ਲੋਕਾਂ ਦਾ ਇਹ ਲੋਕ ਨਜ਼ਾਇਜ਼ ਲਾਭ ਵੀ ਉਠਾਕੇ ਆਪਣੀ ਹਵਸ ਦੀ ਪੂਰਤੀ ਕਰਦੇ ਹਨ। ਸਾਹਿਤਕ ਲੜਕੀਆਂ/ਇਸਤਰੀਆਂ ਦੀਆਂ ਰੁਚੀਆਂ ਦੀ ਸਮਾਨਤਾ ਵੀ ਦਰਸਾਈ ਗਈ ਹੈ। ਜਸਵਿੰਦਰ ਪੰਜਾਬੀ ਨੇ ਸਾਹਿਤਕ ਤੇ ਸਮਾਜਿਕ ਗੰਧਲੇਪਣ ਦਾ ਕੱਚਾ ਚਿੱਠਾ ਸਾਹਮਣੇ ਲਿਆ ਦਿੱਤਾ ਹੈ। ਫੇਸ ਬੁੱਕੀ ਸਾਹਿਤਕਾਰਾਂ ਦੀ ਅਨੋਖੀ ਦੁਨੀਆਂ ਹੁੰਦੀ ਹੈ, ਜਿਹੜੀ ਅਸਲੀਅਤ ਤੋਂ ਬਹੁਤ ਦੂਰ ਹੁੰਦੀ ਹੈ, ਉਸਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ। ਡੇਰਿਆਂ ਵਾਲੇ ਪਰਿਵਾਰ ਵੀ ਆਪਸੀ ਸਾਂਝ, ਇੱਕੋ ਡੇਰੇ ਦੇ ਸਮਰਥਕ ਹੋਣ ਕਰਕੇ ਵਧਾ ਲੈਂਦੇ ਹਨ ਤੇ ਫਿਰ ਲੜਕੀਆਂ/ਇਸਤਰੀਆਂ ਦਾ ਸ਼ੋਸ਼ਣ ਕਰਦੇ ਹਨ। ਨਾਵਲਕਾਰ ਨੇ ਉਨ੍ਹਾਂ ਦੇ ਪਰਦੇ ਫਾਸ਼ ਕਰਨ ਦੀ ਵੀ ਹਿੰਮਤ ਕੀਤੀ ਹੈ। ਨਾਵਲਕਾਰ ਨੇ ਲੜਕੀਆਂ/ਇਸਤਰੀਆਂ ਦੇ ਦੋਵੇਂ ਰੂਪ ਦਰਸਾਏ ਹਨ, ਗ਼ਲਤ ਰਸਤੇ ਪਈਆਂ ਇਸਤਰੀਆਂ ਦੀ ਬਗ਼ਾਬਤ ਵੀ ਖ਼ੂੰਖ਼ਾਰ ਵਿਖਾਈ ਹੈ। ਫਿਰ ਉਹ ਹਰ ਹੱਦ ਬੰਨਾ ਪਾਰ ਕਰਨ ਲਈ ਝਿਜਕਦੀਆਂ ਨਹੀਂ, ਜਿਵੇਂ ਰਮਿੰਦਰ ਰਮਨ ਅਤੇ ਕਿਰਨ ਜੋਤੀ ਕਰਦੀਆਂ ਹਨ। ਪੜ੍ਹੇ ਲਿਖੇ ਲੋਕਾਂ ਦਾ ਜਾਤ ਪਾਤ ਦੇ ਜੰਜ਼ਾਲ ਵਿੱਚ ਫਸੇ ਹੋਣ ਬਾਰੇ ਵੀ ਲਿਖਿਆ ਹੈ। ਸਮਾਜ ਸੁਧਾਰਨ ਦਾ ਹੋਕਾ ਦੇਣ ਵਾਲੇ ਮਖੌਟੇ ਪਾਈ ਫਿਰਦੇ ਹਨ। ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਵਿੱਚ ਕਵਿਤਰੀਆਂ ਦੀਆਂ ਪੁਸਤਕਾਂ ਦੀ ਘੁੰਡ ਚੁਕਾਈ ਅਤੇ ਉਥੇ ਕਵਿਤਰੀਆਂ ਅਤੇ ਸਾਹਿਤਕਾਰਾਂ ਦੀ ਇੱਕ ਦੂਜੇ ਬਾਰੇ ਚੁੰਝ ਚਰਚਾ ਤੇ ਚੋਚਲੇ ਵੀ ਅਸਲੀਅਤ ਦੇ ਕਾਫੀ ਨੇੜੇ-ਤੇੜੇ ਹਨ। ਕਿਸ ਤਰ੍ਹਾਂ ਕਵਿਤਰੀਆਂ ਨੂੰ ਸਥਾਪਤ ਕਰਨ ਲਈ ਪੇਪਰ ਪੜ੍ਹੇ ਜਾਂਦੇ ਹਨ ਅਤੇ ਕਿਵੇਂ ਉਨ੍ਹਾਂ ਨੂੰ ਫੁਸਲਾਉਣ ਦੇ ਢੰਗ ਵਰਤੇ ਜਾਂਦੇ ਹਨ। ਨਾਵਲ ਵਿੱਚ ਸ਼ਬਦਾਵਲੀ ਠੇਠ ਦਿਹਾਤੀ ਹੈ, ਜਿਹੜੇ ਸ਼ਬਦ ਆਮ ਤੌਰ ‘ਤੇ ਵਰਤੇ ਨਹੀਂ ਜਾਂਦੇ ਤੇ ਵਰਜਿਤ ਵੀ ਹੁੰਦੇ ਹਨ ਪ੍ਰੰਤੂ ਵਰਤੇ ਜਾਂਦੇ ਹਨ। ਉਹ ਸ਼ਬਦਾਵਲੀ ਥੋੜ੍ਹੀ ਅਸੱਭਿਆ ਵੀ ਲੱਗਦੀ ਹੈ। ਇਹ ਨਾਵਲ ਦਿਹਾਤੀ ਤੇ ਸ਼ਹਿਰੀ ਸਭਿਆਚਾਰ ਦਾ ਸੁਮੇਲ ਹੈ। ਕਾਲਜਾਂ ਵਿੱਚ ਮੁੰਡੇ ਕੁੜੀਆਂ ਦੀਆਂ ਟੋਲੀਆਂ ਕਿਵੇਂ ਹਾਸੇ ਠੱਠੇ ਕਰਦਿਆਂ ਬੇਬਾਕੀ ਨਾਲ ਕਮੈਂਟ ਕਰਦੀਆਂ ਤੇ ਫਿਰ ਫਸ ਫਸਾ ਜਾਂਦੀਆਂ ਹਨ। ਪਿਆਰ ਮੁਹੱਬਤ ਵਿੱਚ ਰੰਗ ਰੂਪ ਤੇ ਅਮੀਰ ਗ਼ਰੀਬ ਨਹੀਂ ਵੇਖਿਆ ਜਾਂਦਾ, ਜਿਵੇਂ ਗੁਰਕੀਰਤ ਸੋਹਣੀ ਸੁਨੱਖੀ ਅਮੀਰਜ਼ਾਦੀ ਨੇ ਜੀਵਨ ਵਾਰਸੀ ਨਾਲ ਉਸਦਾ ਕਾਲਾ ਰੰਗ ਤੇ ਗ਼ਰੀਬੀ ਦੇ ਬਾਵਜੂਦ ਪਿਆਰ ਦੀ ਪੀਂਘ ਪਾ ਲਈ। ਇਥੇ ਇਹ ਵੀ ਦਰਸਾਇਆ ਗਿਆ ਹੈ ਕਿ ਪਿੰਡਾਂ ਦੇ ਲੋਕ ਸ਼ਰੀਕੇ ਦੇ ਮੁਕਾਬਲੇ ਆਰਥਿਕ ਸਮਰੱਥ ਨਾ ਹੋਣ ਦੇ ਬਾਵਜੂਦ ਬਰਾਬਰੀ ਕਰਦੇ ਹਨ, ਜਿਵੇਂ ਜੀਵਨ ਵਾਰਸੀ ਦੇ ਦਾਦੇ ਨੇ ਜ਼ਮੀਨ ਵੇਚਕੇ ਵਿਆਹ ਵਿੱਚ ਦਾਜ ਦਿੱਤਾ। ਨਾਵਲਕਾਰ ਨੇ ਪੰਜਾਬੀ ਇੰਟਰਨੈਸ਼ਨਲ ਕਾਨਫ਼ਰੰਸਾਂ ਵਿੱਚ ਸਿਫਾਰਸ਼ੀ ਗ਼ੈਰ ਸਾਹਿਤਕਾਰਾਂ ਦੇ ਜਾਣ ਅਤੇ ਵਿਦੇਸ਼ਾਂ ਵਿੱਚ ਅਨੈਤਿਕ ਕੰਮ ਕਰਨ ਬਾਰੇ ਵੀ ਲਿਖਿਆ ਹੈ। ਪੰਜਾਬੀ ਕਾਨਫ਼ਰੰਸਾਂ ਦੀ ਆੜ ਵਿੱਚ ਸਿਰਫ ਸੈਰ ਸਪਾਟਾ ਹੀ ਹੁੰਦਾ ਹੈ। ਇਸ ਨਾਵਲ ਨੂੰ ਸਮਾਜਿਕ ਸਰੋਕਾਰਾਂ ਨਾਲ ਵੀ ਜੋੜਿਆ ਜਾ ਸਕਦਾ ਹੈ ਕਿਉਂਕਿ ਨਾਵਲਕਾਰ ਨੇ ਨਾਵਲ ਵਿੱਚ ਨਸ਼ਿਆਂ ਦੇ ਪ੍ਰਕੋਪ, ਪ੍ਰਵਾਸ ਵਿੱਚ ਜਾਣ ਦੀ ਦੌੜ, ਏਡਜ਼, ਬੇਰੋਜ਼ਗਾਰੀ, ਪੜ੍ਹੇ ਲਿਖੇ ਲੋਕਾਂ ਦੀ ਪਿਛਾਂਹ ਖਿਚੂ ਸੋਚ, ਭਰਿਸ਼ਟਾਚਾਰ ਅਤੇ ਲੜਕੀਆਂ ਨੂੰ ਪਿਆਰ ਵਿਆਹ ਕਰਾਉਣ ਤੋਂ ਰੋਕਣ ਦੀ ਪ੍ਰਵਿਰਤੀ ਆਦਿ ਵਿਸ਼ਿਆਂ ਨੂੰ ਬਾਖ਼ੂਬੀ ਨਾਲ ਛੋਹਿਆ ਗਿਆ ਹੈ। ਨਾਵਲਕਾਰ ਨੇ ਪੀ.ਐਚ.ਡੀ.ਕਰਨ ਵਾਲੀਆਂ ਲੜਕੀਆਂ ਨਾਲ ਗਾਈਡਾਂ ਵੱਲੋਂ ਕੀਤੇ ਜਾਂਦੇ ਵਿਵਹਾਰ ਬਾਰੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸਾਹਿਤਕਾਰ ਆਪਣੀ ਹਵਸ ਪੂਰੀ ਕਰਨ ਲਈ ਐਚ.ਆਈ.ਵੀ. ਵਰਗੀ ਭਿਆਨਕ ਬਿਮਾਰੀ ਬਾਰੇ ਸੋਚਦੇ ਨਹੀਂ ਪ੍ਰੰਤੂ ਜਦੋਂ ਰਾਮਿੰਦਰ ਰਮਨ ਦੇ ਪਤੀ ਵਿਕਰਮ ਦੀ ਐਚ.ਆਈ.ਵੀ. ਦੀ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ ਤੇ ਰਾਮਿੰਦਰ ਰਮਨ ਦੇ ਵੀ ਐਚ.ਆੲ.ਵੀ. ਦੀ ਬਿਮਾਰੀ ਬਾਰੇ ਪਤਾ ਚਲਦਾ ਹੈ ਤਾਂ ਫਿਰ ਮੌਤ ਸਾਹਮਣੇ ਵਿਖਾਈ ਦਿੰਦੀ ਹੈ ਤੇ ਉਦੋਂ ਸਮਾਜਿਕ ਬਦਨਾਮੀ ਯਾਦ ਆਉਂਦੀ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਭਵਿਖ ਵਿੱਚ ਜਸਵਿੰਦਰ ਪੰਜਾਬੀ ਹੋਰ ਵਧੀਆ ਪੁਸਤਕ ਵੀ ਦੇਵੇਗਾ।
216 ਪੰਨਿਆਂ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਜੇ.ਪੀ.ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ ਜਸਵਿੰਦਰ ਪੰਜਾਬੀ:9781414118
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com