ਇੱਕ ਦਿਨ ਐਸਾ ਜਰੂਰ ਆਉਣਾ
ਜਦੋਂ ਬਜ਼ੁਰਗ ਤੂੰ ਹੋ ਜਾਣਾ ,
ਚਲਦੀ ਅੱਜ ਤੇਰੀ ਕਾਇਆ ਜੋ
ਇਸ ਨੇ ਵੀ ਖਲੋਅ ਜਾਣਾ।
ਦੁੱਧ ਜਿਹੇ ਮੋਤੀਆਂ ਵਰਗੇ ਦੰਦ ਨੇ ਜੋ
ਇਨ੍ਹਾਂ ਨੇ ਵੀ ਢਹਿ - ਢੇਰੀ ਹੋ ਜਾਣਾ ,
ਇੱਕ ਦਿਨ ਐਸਾ ਜਰੂਰ ਆਉਣਾ
ਜਦੋਂ ਬਜ਼ੁਰਗ ਤੂੰ ਹੋ ਜਾਣਾ।
ਸੁੰਦਰ - ਸੁੰਦਰ ਇਨ੍ਹਾਂ ਅੱਖਾਂ ਨੇ ਵੀ
ਧੁੰਦਲਾ ਜਿਹਾ ਫਿਰ ਹੋ ਜਾਣਾ ,
ਸੁਣਦਾ ਬੜੀਆਂ ਗੱਲਾਂ ਜੋ ਇਨ੍ਹਾਂ ਕੰਨਾਂ ਨਾਲ਼
ਇਨ੍ਹਾਂ ਨੇ ਵੀ ਬੰਦ ਹੋ ਜਾਣਾ।
ਇੱਕ ਦਿਨ ਐਸਾ ਜਰੂਰ ਆਉਣਾ
ਜਦੋਂ ਬਜ਼ੁਰਗ ਤੂੰ ਹੋ ਜਾਣਾ।
ਨੱਚਦਾ - ਟੱਪਦਾ ਇਨ੍ਹਾਂ ਲੱਤਾਂ - ਪੈਰਾਂ ਨਾਲ਼ ਤੂੰ
ਇੱਕ ਦਿਨ ਇਨ੍ਹਾਂ ਨੇ ਵੀ ਖੜ੍ਹ ਜਾਣਾ।
ਜਿਨ੍ਹਾਂ ਹੱਥਾਂ ਨਾਲ਼ ਅੱਜ ਚੱਕਦਾ - ਰੱਖਦਾ ਤੂੰ
ਇੱਕ ਦਿਨ ਇਨ੍ਹਾਂ ਨੇ ਵੀ ਰਹਿ ਜਾਣਾ ,
ਇੱਕ ਦਿਨ ਐਸਾ ਜਰੂਰ ਆਉਣਾ
ਜਦੋਂ ਬਜ਼ੁਰਗ ਤੂੰ ਹੋ ਜਾਣਾ।
ਸਮਾਂ ਲੰਘੇ 'ਤੇ ਕੁਝ ਨਹੀਂ ਪੱਲੇ ਪੈਣਾ
ਫਿਰ ਸਿਰ ਫੜ ਕੇ ਤੂੰ ਬਹਿ ਜਾਣਾ ,
ਅੱਜ ਭਾਵੇਂ ਧੋਣ ਸਿੱਧੀ ਕਰਕੇ ਤੁਰਦਾ ਤੂੰ ,
ਪਰ ਇੱਕ ਦਿਨ ਕੁੱਬ ਵੀ ਤੈਨੂੰ ਪੈ ਜਾਣਾ।
ਜਿਸ ਸਰੀਰ ਨੂੰ ਅੱਜ ਸਮਝਦਾ ਖਰਾ ਸੋਨਾ ਤੂੰ ,
ਇਸਨੇ ਵੀ ਇੱਕ ਦਿਨ ਮਿੱਟੀ ਹੋ ਜਾਣਾ ,
ਅੱਜ ਜਿਨ੍ਹਾਂ ਨੂੰ ਸਮਝਦਾ ਆਪਣੇ ਤੂੰ
ਇੱਕ ਦਿਨ ਉਨ੍ਹਾਂ ਨੇ ਵੀ ਚੁੱਕ ਕੇ ਲੈ ਜਾਣਾ।
ਕਰ ਲੈ ਚੰਗੇ ਕਰਮ ' ਧਰਮਾਣੀ ' ਤੂੰ
ਅੰਤ ਸਭ ਕੁਝ ਇੱਥੇ ਹੀ ਰਹਿ ਜਾਣਾ ,
ਅੰਤ ਸਭ ਕੁਝ ਇੱਥੇ ਹੀ ਰਹਿ ਜਾਣਾ।
ਇੱਕ ਦਿਨ ਐਸਾ ਜਰੂਰ ਆਉਣਾ
ਇੱਕ ਦਿਨ ਐਸਾ ਜਰੂਰ ਆਉਣਾ ...।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ - ਸ੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।