ਸੁਨਾਮ : ਭਾਜਪਾ ਓ ਬੀ ਸੀ ਮੋਰਚਾ ਦੇ ਸੂਬਾਈ ਬੁਲਾਰੇ ਡਾਕਟਰ ਜਗਮਹਿੰਦਰ ਸੈਣੀ ਅਤੇ ਟਕਸਾਲੀ ਭਾਜਪਾ ਆਗੂ ਸ਼ੰਕਰ ਬਾਂਸਲ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਦਹਿਸ਼ਤਗਰਦੀ ਹਮਲੇ ਨੂੰ ਕਾਇਰਤਾ ਪੂਰਨ ਕਰਾਰ ਦਿੰਦਿਆਂ ਕਿਹਾ ਕਿ ਬੇਗੁਨਾਹਾਂ ਨੂੰ ਮੌਤ ਦੇ ਘਾਟ ਉਤਾਰਨ ਵਾਲਿਆਂ ਨੂੰ ਖਮਿਆਜ਼ਾ ਭੁਗਤਣਾ ਪਵੇਗਾ। ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਉਕਤ ਘਟਨਾ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਹੀ ਹੈ। ਬੁੱਧਵਾਰ ਨੂੰ ਸੁਨਾਮ ਵਿਖੇ ਜਾਰੀ ਬਿਆਨ ਵਿੱਚ ਉਕਤ ਭਾਜਪਾ ਆਗੂਆਂ ਨੇ ਕਿਹਾ ਕਿ ਪਹਿਲਗਾਮ ਵਿੱਚ ਸੈਲਾਨੀ ਆਪਣੇ ਪਰਿਵਾਰਾਂ ਨਾਲ ਸ਼ੈਰ ਕਰਨ ਲਈ ਗਏ ਹੋਏ ਸਨ ਤਾਂ ਦਹਿਸ਼ਤਗਰਦਾਂ ਨੇ ਨਿਰਦੋਸ਼ ਨਾਗਰਿਕਾਂ ਦੀ ਹੱਤਿਆ ਕਰਕੇ ਬੁਹਤ ਵੱਡਾ ਅਪਰਾਧ ਕੀਤਾ ਹੈ ਜਿਹੜਾ ਨਾ ਸਹਿਣਯੋਗ ਹੈ। ਉਨ੍ਹਾਂ ਆਖਿਆ ਕਿ ਅਗਲੇ ਮਹੀਨੇ ਤੋਂ ਅਮਰਨਾਥ ਯਾਤਰਾ ਸ਼ੁਰੂ ਹੋਣੀ ਹੈ ਦਹਿਸ਼ਤਗਰਦਾਂ ਵੱਲੋਂ ਅਜਿਹਾ ਕਾਰਾ ਕਰਕੇ ਆਮ ਜਨਤਾ ਦੇ ਮਨਾਂ ਵਿੱਚ ਡਰ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ 370 ਧਾਰਾ ਖਤਮ ਹੋਣ ਤੋਂ ਬਾਅਦ ਉਥੇ ਸੈਲਾਨੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ ਜਿਹੜਾ ਵਿਦੇਸ਼ੀ ਤਾਕਤਾਂ ਨੂੰ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਤਾਕੀਦ ਕੀਤੀ ਹੈ ਅਜਿਹੇ ਅਤੀ ਸੰਵੇਦਨਸ਼ੀਲ ਮੁੱਦੇ ਤੇ ਰਾਜਨੀਤੀ ਨਾ ਕਰਨ ਸਗੋਂ ਦੇਸ਼ ਹਿੱਤ ਲਈ ਸਰਕਾਰ ਦਾ ਸਾਥ ਦੇਣ।