ਸੁਨਾਮ : ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਤੇ ਕੀਤੇ ਦਹਿਸ਼ਤਗਰਦੀ ਹਮਲੇ ਵਿੱਚ ਹਲਾਕ ਹੋਏ ਬੇਗੁਨਾਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਬੁੱਧਵਾਰ ਨੂੰ ਸੁਨਾਮ ਵਿਖੇ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਦੀ ਅਗਵਾਈ ਹੇਠ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਮੋਮਬੱਤੀ ਮਾਰਚ ਕੱਢਿਆ ਗਿਆ। ਮੋਮਬੱਤੀ ਮਾਰਚ ਵਿੱਚ ਵੱਡੀ ਗਿਣਤੀ ਭਾਜਪਾ ਦੇ ਵਰਕਰਾਂ ਅਤੇ ਸ਼ਹਿਰੀਆਂ ਨੇ ਹਿੱਸਾ ਲਿਆ। ਇਸ ਮੌਕੇ ਮੈਡਮ ਦਾਮਨ ਬਾਜਵਾ ਨੇ ਕਿਹਾ ਕਿ ਅੱਜ ਹਰ ਭਾਰਤੀ ਇਸ ਘਿਨਾਉਣੇ ਅਤੇ ਕਾਇਰਤਾ ਪੂਰਨ ਹਮਲੇ ਦੀ ਨਿੰਦਾ ਕਰ ਰਿਹਾ ਹੈ । ਇਸ ਅੱਤਵਾਦੀ ਹਮਲੇ ਦੇ ਖਿਲਾਫ ਭਾਰਤ ਇਕਜੁੱਟ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਹ ਜੋ ਅੱਤਵਾਦੀ ਹਮਲਾ ਹੋਇਆ ਹੈ ਜਿੱਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਹੈ ਉੱਥੇ ਹੀ ਇਹਨਾਂ ਅੱਤਵਾਦੀਆਂ ਅਤੇ ਇਹਨਾਂ ਨੂੰ ਚਲਾਉਣ ਵਾਲੇ ਗੁਆਂਢੀ ਮੁਲਕ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਅਜਿਹਾ ਕਾਰਾ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦੇਣ ਲਈ ਸਖ਼ਤ ਕਾਰਵਾਈ ਕਰੇਗੀ। ਉੱਥੇ ਹੀ ਪਾਕਿਸਤਾਨ ਨੂੰ ਵੀ ਇਸ ਘਟੀਆ ਹਮਲੇ ਦਾ ਮੂੰਹ ਤੋੜ ਜਵਾਬ ਭਾਰਤ ਵੱਲੋਂ ਦਿੱਤਾ ਜਾਵੇਗਾ ਇਹੋ ਜਿਹੇ ਹਮਲੇ ਭਾਰਤ ਨੂੰ ਕਮਜ਼ੋਰ ਨਹੀਂ ਕਰ ਸਕਦੇ, ਇਹੋ ਜਿਹੇ ਹਮਲਿਆਂ ਦਾ ਜੁਆਬ ਭਾਰਤ ਜਰੂਰ ਦੇਵੇਗਾ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੰਜੇ ਗੋਇਲ, ਬਲਾਕ ਪ੍ਰਧਾਨ ਰਾਜੀਵ ਕੁਮਾਰ ਮੱਖਣ, ਟਕਸਾਲੀ ਭਾਜਪਾ ਆਗੂ ਪ੍ਰੇਮ ਗੁਗਨਾਨੀ, ਡਾਕਟਰ ਜਗਮਹਿੰਦਰ ਸੈਣੀ, ਸ਼ੰਕਰ ਬਾਂਸਲ, ਰੁਲਦੂ ਰਾਮ ਗੁਪਤਾ, ਮਾਲਵਿੰਦਰ ਸਿੰਘ ਗੋਲਡੀ, ਅਗਰਵਾਲ ਸਭਾ ਦੇ ਪ੍ਰਧਾਨ ਇਸ਼ਵਰ ਗਰਗ, ਕ੍ਰਿਸ਼ਨ ਸੰਦੋਹਾ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰੀ ਹਾਜ਼ਰ ਸਨ।