ਮੰਤਰੀ ਵਲੋਂ ਅੱਜ ਜ਼ਿਲ੍ਹਾ ਬਰਨਾਲਾ ਦੀ ਮੁੱਖ ਅਨਾਜ ਮੰਡੀ ਦਾ ਦੌਰਾ
ਕਿਹਾ, ਸੂਬੇ ’ਚ ਬਾਰਦਾਨਾ, ਟ੍ਰਾਂਸਪੋਰਟ ਤੇ ਲਿਫ਼ਟਿੰਗ ਦੀ ਕੋਈ ਸਮੱਸਿਆ ਨਹੀਂ
ਬਰਨਾਲਾ : ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਦਾਣਾ ਮੰਡੀ ਬਰਨਾਲਾ ਵਿਖੇ ਕਣਕ ਦੀ ਖਰੀਦ ਸਬੰਧੀ ਜਾਇਜ਼ਾ ਲਿਆ ਅਤੇ ਤਸੱਲੀ ਪ੍ਰਗਟਾਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਵਾਰ ਕਣਕ ਦੀ ਬੰਪਰ ਫ਼ਸਲ ਹੋਈ ਹੈ। ਹੁਣ ਤੱਕ 60 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ 'ਚ ਪੁੱਜ ਚੁੱਕੀ ਹੈ ਅਤੇ 54 ਲੱਖ ਮੀਟ੍ਰਿਕ ਟਨ ਦੀ ਖਰੀਦ ਕਰ ਲਈ ਗਈ ਹੈ । ਇਸ ਤੋਂ ਇਲਾਵਾ ਹੁਣ ਤੱਕ 2.5 ਲੱਖ ਦੇ ਕਰੀਬ ਕਿਸਾਨ ਮੰਡੀਆਂ 'ਚ ਆਪਣੀ ਜਿਣਸ ਲੈ ਕੇ ਪੁੱਜੇ ਹਨ ਅਤੇ ਬਣਦੀ ਅਦਾਇਗੀ ਦਾ 8000 ਕਰੋੜ ਕਿਸਾਨਾਂ ਦੇ ਖਾਤਿਆਂ 'ਚ ਤਬਦੀਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਜਿੱਥੇ ਅਦਾਇਗੀ ਖਰੀਦ ਹੋਣ ਦੇ 24 ਘੰਟਿਆਂ ’ਚ ਕੀਤੀ ਜਾ ਰਹੀ ਹੈ ਉੱਥੇ ਲਿਫ਼ਟਿੰਗ ’ਚ ਵੀ ਕੋਈ ਢਿੱਲ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮੰਡੀਆਂ ਦੇ ਦੌਰੇ ਦੌਰਾਨ ਫ਼ਿਲਹਾਲ ਕੋਈ ਮੁਸ਼ਕਿਲ ਸਾਹਮਣੇ ਨਹੀਂ ਆਈ। ਉਨ੍ਹਾਂ ਅੱਜ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਦੀਆਂ ਮੰਡੀਆਂ ਦਾ ਦੌਰਾ ਕੀਤਾ।
ਉਨ੍ਹਾਂ ਕਿਹਾ ਕਿ ਬੰਪਰ ਫ਼ਸਲ ਹੋਣ ਨਾਲ ਨਾਲ ਕੇਂਦਰੀ ਪੂਲ ਦਾ 124 ਲੱਖ ਮੀਟ੍ਰਿਕ ਟਨ ਦਾ ਖਰੀਦ ਟੀਚਾ ਅਸਾਨੀ ਨਾਲ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿੱਥੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਪੂਰਾ ਮੁੱਲ ਦਿੱਤਾ ਜਾ ਰਿਹਾ ਹੈ ਉੱਥੇ ਨਾਲ ਹੀ ਮਜ਼ਦੂਰਾਂ ਅਤੇ ਪੱਲੇਦਾਰਾਂ ਦਾ ਵੀ ਖਿਆਲ ਰੱਖਦਿਆਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਮੇਹਨਤਾਨੇ ਦੇ ਰੇਟਾਂ 'ਚ ਵਾਧਾ ਕੀਤਾ ਗਿਆ ਹੈ।
ਮੰਤਰੀ ਸ਼੍ਰੀ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲੈ ਫ਼ਿਕਰਮੰਦ ਹੈ ਅਤੇ ਲੋੜ ਅਨੁਸਾਰ ਉਨ੍ਹਾਂ ਵਰਗਾਂ ਨੂੰ ਵੱਖ ਵੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਅਤੇ ਪੱਲੇਦਾਰਾਂ ਨੂੰ ਢੋਆ ਢੁਆਈ ਦੇ ਲੇਬਰ ਕਿਰਾਇਆ 'ਚ ਵਧਾਇਆ ਕੀਤਾ ਗਿਆ ਹੈ । ਢੋਆ ਢੁਆਈ ਵਾਲੇ ਮਜ਼ਦੂਰ ਨੂੰ 2.64 ਪੈਸੇ ਇਸ ਸਾਲ ਵਾਧਾ ਕੇ ਦਿੱਤੇ ਜਾ ਰਹੇ ਹਨ ਜਿਸ ਨਾਲ ਇਨ੍ਹਾਂ ਕੁਲ 10 ਕਰੋੜ ਰੁਪਏ ਦਾ ਵਾਧਾ ਮਿਲੇਗਾ। ਇਸ ਤੋੰ ਇਲਾਵਾ ਪੰਜਾਬ ਸਰਕਾਰ 'ਚ ਕੰਮ ਕਰਦੇ ਦਰਜ 4 ਕਰਮਚਾਰੀਆਂ ਨੂੰ 9700 ਕਰੋੜ ਰੁਪਏ ਦਾ ਵਿਆਜ ਮੁਕਤ ਕਰਜ਼ਾ ਕਣਕ ਖਰੀਦਣ ਲਈ ਦਿੱਤਾ ਜਾ ਰਿਹਾ ਹੈ।