'ਯੁੱਧ ਨਸ਼ਿਆਂ ਵਿਰੁੱਧ' ਮੈਰਾਥਨ ਨੂੰ ਡਾ. ਬਲਬੀਰ ਸਿੰਘ ਨੇ ਪੋਲੋ ਗਰਾਊਂਡ ਤੋਂ ਕੀਤਾ ਰਵਾਨਾ
ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਦੀ ਅਗਵਾਈ ਹੇਠ ਸਕੂਲਾਂ ਤੇ ਕਾਲਜਾਂ ਦੇ ਹਜ਼ਾਰਾਂ ਵਿਦਿਆਰਥੀਆਂ ਤੇ ਪਟਿਆਲਵੀਆਂ ਨੇ ਨਸ਼ਿਆਂ ਵਿਰੁੱਧ ਮੈਰਾਥਨ 'ਚ ਲਿਆ ਹਿੱਸਾ
ਪਟਿਆਲਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਬੱਚਿਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਸ਼ਿਆਂ ਵਿਰੁੱਧ ਲਾਮਬੰਦ ਹੋਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅੱਗੇ ਆਉਣ ਅਤੇ ਅਜਿਹੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਤੇ ਰਾਜ ਪੱਧਰ 'ਤੇ ਸਨਮਾਨਤ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਅੱਜ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਇੱਥੇ ਪੋਲੋ ਗਰਾਊਂਡ ਤੋਂ ਕਰਵਾਈ ਗਈ 'ਯੁੱਧ ਨਸ਼ਿਆਂ ਵਿਰੁੱਧ' ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਿਹਤ ਮੰਤਰੀ ਨੇ ਬੱਚਿਆਂ ਨੂੰ ਸਾਡੇ ਹੀਰੋ ਦੱਸਦਿਆਂ ਪ੍ਰੇਰਿਤ ਕੀਤਾ ਕਿ ਜਿੱਥੇ ਉਹ ਖ਼ੁਦ ਨਸ਼ਿਆਂ ਤੋਂ ਬਚਣ ਉਥੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ।
ਸਕੂਲਾਂ, ਕਾਲਜਾਂ ਤੇ ਹੋਰ ਸੰਸਥਾਵਾਂ ਦੇ 10 ਹਜ਼ਾਰ ਤੋਂ ਵੀ ਵਧੇਰੇ ਵਿਦਿਆਰਥੀਆਂ, ਅਧਿਆਪਕਾਂ, ਸਮਾਜ ਸੇਵੀਆਂ ਤੇ ਰੋਜ਼ਾਨਾ ਦੌੜਨ ਵਾਲੇ ਪਟਿਆਲਵੀਆਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਵਿੱਢੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਬੀੜਾ ਉਠਾਇਆ ਹੈ ਕਿ ਸਾਡੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਇੱਕ ਸਿਹਤਮੰਦ ਤੇ ਨਸ਼ਾ ਮੁਕਤ ਪੰਜਾਬ ਦੇਣ ਸਮੇਤ ਪੰਜਾਬ ਨੂੰ ਖੇਡਾਂ ਦੀ ਧਰਤੀ ਬਣਾਉਣ ਲਈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਕੇ ਹਰੇਕ ਪਿੰਡ 'ਚ ਖੇਡ ਦੇ ਮੈਦਾਨ ਤੇ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਡੇ ਕੌਮੀ ਆਦਰਸ਼ ਸ਼ਹੀਦ ਭਗਤ ਸਿੰਘ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ, ਲਾਲ ਬਹਾਦਰ ਸ਼ਾਸਤਰੀ ਆਦਿ ਨੇ ਸਿੱਖਿਆ ਤੇ ਕੌਮੀ ਚੇਤਨਾ ਨੂੰ ਆਪਣੀ ਸ਼ਕਤੀ ਬਣਾਇਆ ਤੇ ਅੱਜ ਅਸੀਂ ਉਨ੍ਹਾਂ ਦਾ ਨਾਲ ਮਾਣ ਨਾਲ ਲੈਂਦੇ ਹਾਂ। ਉਨ੍ਹਾਂ ਨੇ ਬੱਚਿਆਂ ਨੂੰ ਸਾਡੇ ਕੌਮੀ ਨਾਇਕਾਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਡੇ ਵਿਦਿਆਰਥੀ ਵੀ ਸਾਡੇ ਨਾਇਕ ਹਨ, ਜਿਹੜੇ ਜਿੰਦਗੀ 'ਚ ਕਦੇ ਨਸ਼ਾ ਨਹੀਂ ਕਰਨਗੇ ਤੇ ਦੂਜਿਆਂ ਦੇ ਆਦਰਸ਼ ਬਣਕੇ ਹੋਰਨਾਂ ਨੂੰ ਵੀ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਦਾ ਸਾਥ ਦੇਣਗੇ।
ਸਿਹਤ ਮੰਤਰੀ ਨੇ ਅਲਬਰਟ ਆਇਨਸਟਾਇਨ ਤੇ ਐਲਨ ਮਸਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੱਚੇ ਇਹ ਪੱਕਾ ਨਿਸ਼ਚਾ ਕਰ ਲੈਣ ਕਿ ਉਹ ਕਦੇ ਨਸ਼ੇ ਨਹੀਂ ਕਰਨਗੇ, ਕਿਉਂਕਿ ਨਸ਼ੇ ਸਾਨੂੰ ਅੱਗੇ ਵਧਣ ਤੋਂ ਰੋਕਣ ਵਾਲੀਆਂ ਬੇੜੀਆਂ ਹਨ ਪਰ ਸਿੱਖਿਆ ਸਾਨੂੰ ਰਸਤਾ ਦਿਖਾਉਂਦੀ ਹੈ। ਇਸ ਲਈ ਬੱਚੇ ਸਿੱਖਿਆ ਦਾ ਰਾਹ ਅਪਣਾਉਂਦੇ ਹੋਏ, ਦੂਜਿਆਂ ਲਈ ਰਾਹ ਦਸੇਰਾ ਬਣਕੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਅੱਗੇ ਆਉਣਗੇ ਅਤੇ ਸਰਕਾਰ ਵੱਲੋਂ ਅਜਿਹੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਿਹਤ ਮੰਤਰੀ ਸਮੇਤ ਮੈਰਾਥਨ 'ਚ ਭਾਗ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਜਿਸ ਉਤਸ਼ਾਹ ਤੇ ਜੋਸ਼ ਨਾਲ ਪਟਿਆਲਵੀ ਤੇ ਵਿਦਿਆਰਥੀਆਂ ਨੇ ਇਸ ਮੈਰਾਥਨ 'ਚ ਹਿੱਸਾ ਲਿਆ ਹੈ, ਉਸ ਤੋਂ ਉਨ੍ਹਾਂ ਉਮੀਦ ਹੈ ਕਿ ਪਟਿਆਲਾ ਜ਼ਿਲ੍ਹਾ ਵੀ ਜਰੂਰ ਨਸ਼ਾ ਮੁਕਤ ਹੋਵੇਗਾ। ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਯੁੱਧ ਨਸ਼ਿਆਂ ਵਿਰੁੱਧ ਵਿੱਚ ਲੋਕਾਂ ਵੱਲੋਂ ਪੰਜਾਬ ਪੁਲਿਸ ਨੂੰ ਭਰਪੂਰ ਸਹਿਯੋਗ ਦੇਣ ਲਈ ਸਭਦਾ ਧੰਨਵਾਦ ਕੀਤਾ। ਇਸ ਦੌਰਾਨ ਨਸ਼ਿਆਂ ਵਿਰੁੱਧ ਸਹੁੰ ਚੁਕਾਈ ਗਈ ਅਤੇ ਪਦਮ ਸ੍ਰੀ ਪ੍ਰਾਣ ਸੱਭਰਵਾਲ ਦੀ ਅਗਵਾਈ ਹੇਠ ਨਟਾਸ ਨੇ ਨਸ਼ਿਆਂ ਵਿਰੁੱਧ ਨਾਟਕ ਵੀ ਖੇਡਿਆ।
ਮੈਰਾਥਨ 'ਚ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਜਸਬੀਰ ਸਿੰਘ ਗਾਂਧੀ, ਬਲਵਿੰਦਰ ਸੈਣੀ, ਏ.ਡੀ.ਸੀ. ਨਵਰੀਤ ਕੌਰ ਸੇਖੋਂ, ਐਸ.ਪੀ ਪਲਵਿੰਦਰ ਸਿੰਘ ਚੀਮਾ ਤੇ ਕੇ.ਕੇ. ਪਾਂਥੇ, ਸੰਯੁਕਤ ਕਮਿਸ਼ਨਰ ਨਗਰ ਨਿਗਮ ਦੀਪਜੋਤ ਕੌਰ, ਸਹਾਇਕ ਕਮਿਸ਼ਨਰ ਰਿਚਾ ਗੋਇਲ, ਮੁੱਖ ਮੰਤਰੀ ਫੀਲਡ ਅਫ਼ਸਰ ਡਾ. ਨਵਜੋਤ ਸ਼ਰਮਾ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਪ੍ਰੋ. ਸ਼ਵਿੰਦਰ ਸਿੰਘ ਰੇਖੀ, ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਸਮਾਜ ਸੇਵੀ ਸੰਸਥਾਵਾਂ ਤੇ ਪਟਿਆਲਵੀ ਵੀ ਮੌਜੂਦ ਸਨ।
ਲੋਕਾਂ ਅਤੇ ਖਾਸ ਕਰਕੇ ਨੌਜਵਾਨ ਵਿਦਿਆਰਥੀ ਵਰਗ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ, ਖੇਡ, ਸਿੱਖਿਆ ਤੇ ਸਿਹਤ ਤੇ ਹੋਰ ਕਈ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਈ ਇਹ ਮੈਰਾਥਨ ਪੋਲੋ ਗਰਾਊਂਡ ਤੋਂ ਸ਼ੁਰੂ ਹੋ ਕੇ ਵਾਈਪੀਐਸ ਚੌਕ, ਠੀਕਰੀਵਾਲ ਤੇ ਫੁਹਾਰਾ ਚੌਕ, ਲੀਲਾ ਭਵਨ, ਬਾਰਾਂਦਾਰੀ, ਸ਼ੇਰਾਂਵਾਲਾ ਗੇਟ, ਫੂਲ ਸਿਨੇਮਾ ਤੋਂ ਹੁੰਦੇ ਹੋਏ ਮੋਦੀ ਕਾਲਜ ਚੌਂਕ ਤੋਂ ਪੋਲੋ ਗਰਾਊਂਡ ਵਿਖੇ ਸਮਾਪਤ ਹੋਈ।