ਸੁਨਾਮ : ਪੰਜਾਬ ਕੈਮਿਸਟ ਐਸੋਸੀਏਸ਼ਨ (ਪੀਸੀਏ) ਦੇ ਸੂਬਾ ਸਕੱਤਰ ਜੀ ਐਸ ਚਾਵਲਾ ਨੇ ਦੱਸਿਆ ਕਿ ਪੰਜਾਬ ਦੇ ਕਰੀਬ ਦਸ ਹਜ਼ਾਰ ਕੈਮਿਸਟ ਨਸ਼ਿਆਂ ਦੇ ਕੇਸਾਂ ਵਿੱਚ ਜੇਲ੍ਹ ਅੰਦਰ ਨਜ਼ਰਬੰਦ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਬੇਕਸੂਰ ਹਨ ਪੀਸੀਏ ਬੇਕਸੂਰਾਂ ਨੂੰ ਰਿਹਾਅ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਮੰਗਲਵਾਰ ਨੂੰ ਸੁਨਾਮ ਵਿਖੇ ਜ਼ਿਲ੍ਹਾ ਸੰਗਰੂਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜਿੰਦਲ, ਜਨਰਲ ਸਕੱਤਰ ਰਾਜੀਵ ਜੈਨ ਅਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ੇ ਦੇ ਵੱਡੇ ਵਪਾਰੀ ਜੋ ਅਸਲ ਦੋਸ਼ੀ ਹਨ ਉਨ੍ਹਾਂ ਦੀ ਪਹੁੰਚ ਉੱਚੀ ਹੋਣ ਕਾਰਨ ਉਹ ਕਾਨੂੰਨ ਦੀ ਪਕੜ ਤੋਂ ਬਾਹਰ ਰਹਿ ਜਾਂਦੇ ਹਨ ਜਦਕਿ ਛੋਟੇ ਦੁਕਾਨਦਾਰ ਜੇਲ੍ਹ ਵਿੱਚ ਨਜ਼ਰਬੰਦ ਹਨ। ਪੀਸੀਏ ਬੇਕਸੂਰ ਕੈਮਿਸਟਾਂ ਦੀ ਗੰਭੀਰਤਾ ਨਾਲ ਪੈਰਵੀ ਕਰੇਗਾ। ਉਨ੍ਹਾਂ ਦੱਸਿਆ ਕਿ ਲਾਇਸੈਂਸ ਨਵਿਆਉਣ ਸਬੰਧੀ ਕੈਮਿਸਟਾਂ ਦੀਆਂ ਮੁਸ਼ਕਲਾਂ ਦਾ ਹੱਲ ਹੁਣ ਡਿਜੀਟਲ ਵਰਕ ਰਾਹੀਂ ਕੀਤਾ ਜਾਵੇਗਾ। ਪੀਸੀਏ ਦੀ ਮੰਗ ਹੈ ਕਿ ਡਰੱਗ ਵਿਭਾਗ ਨੂੰ ਡਿਜੀਟਲ ਕੀਤਾ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਕੰਮ ਬਹੁਤ ਸਰਲ ਅਤੇ ਤੇਜ਼ ਹੋ ਜਾਵੇਗਾ। ਕੈਮਿਸਟ ਘਰ ਬੈਠੇ ਹੀ ਆਪਣਾ ਕੰਮ ਆਨਲਾਈਨ ਕਰ ਸਕਣਗੇ। ਇਸ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ। ਚਾਵਲਾ ਨੇ ਕਿਹਾ ਕਿ ਬਹੁ-ਰਾਸ਼ਟਰੀ ਕੰਪਨੀਆਂ ਕੋਰੋਨਾ ਦੇ ਦੌਰ ਦੌਰਾਨ ਬਣੇ ਡਰੱਗ ਕਾਨੂੰਨਾਂ ਦੀ ਦੁਰਵਰਤੋਂ ਕਰਕੇ ਦਵਾਈਆਂ ਦਾ ਆਨਲਾਈਨ ਕਾਰੋਬਾਰ ਕਰ ਰਹੀਆਂ ਹਨ। ਜਿਸ ਕਾਰਨ ਲੱਖਾਂ ਕੈਮਿਸਟ ਪ੍ਰਭਾਵਿਤ ਹੋ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਰਾਸ਼ਟਰੀ ਪੱਧਰ 'ਤੇ ਆਵਾਜ਼ ਉਠਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਕਾਨੂੰਨ ਨੂੰ ਰੱਦ ਕਰਕੇ ਕੈਮਿਸਟਾਂ ਨੂੰ ਰਾਹਤ ਦੇਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ, ਨਵੀਨ ਕੁਮਾਰ ਮੁਹਾਲੀ, ਅਮਰਦੀਪ ਸਿੰਘ, ਰਾਜੀਵ ਜੈਨ, ਤ੍ਰਿਲੋਕ ਗੋਇਲ, ਆਰ ਐਨ ਕਾਂਸਲ, ਦੀਪਕ ਮਿੱਤਲ ਆਦਿ ਹਾਜ਼ਰ ਸਨ।