ਸੁਨਾਮ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਮੁਹਾਲੀ ਦੇ ਸਹਿਯੋਗ ਨਾਲ ਬਲਾਕ ਸੁਨਾਮ ਅਧੀਨ ਆਉਂਦੇ 52 ਪਿੰਡਾਂ ਦੇ ਨਵੇਂ ਬਣੇ ਸਰਪੰਚਾਂ ਅਤੇ ਪੰਚਾਂ ਲਈ ਚੱਲ ਰਿਹਾ ਸਿਖਲਾਈ ਕੈਂਪ ਸਮਾਪਤ ਹੋ ਗਿਆ ਹੈ। ਇਸ ਸਿਖਲਾਈ ਕੈਂਪ ਦੌਰਾਨ ਬੀ.ਡੀ.ਪੀ.ਓ. ਸੰਜੀਵ ਕੁਮਾਰ ਨੇ ਸਰਪੰਚਾਂ ਅਤੇ ਪੰਚਾਂ ਨੂੰ ਪੰਚਾਇਤ ਦੇ ਕੰਮਕਾਜ ਸੁਚਾਰੂ ਢੰਗ ਨਾਲ ਚਲਾਉਣ ਲਈ ਸਿਖਲਾਈ ਪ੍ਰਾਪਤ ਕਰਨ ਦੀ ਅਹਿਮੀਅਤ ਬਾਰੇ ਜਾਣੂੰ ਕਰਵਾਇਆ। ਸਮਾਪਤੀ ਸਮਾਰੋਹ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸਰਪੰਚਾਂ ਅਤੇ ਪੰਚਾਂ ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994, ਸਥਾਈ ਵਿਕਾਸ ਦੇ ਟੀਚੇ, ਵਿਲੇਜ਼ ਕਾਮਨ ਲੈਂਡ ਐਕਟ 1961, ਥੀਮੈਟਿਕ ਜੀ.ਪੀ.ਡੀ.ਪੀ., ਮਗਨਰੇਗਾ, ਈ-ਗਰਾਮ ਸਵਰਾਜ, ਪੀ.ਡੀ.ਆਈ ਅਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕਾਰਜਾਂ ਅਤੇ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਗ੍ਰਾਮ ਪੰਚਾਇਤਾਂ ਨਾਲ ਸਬੰਧਤ ਵਿਭਾਗ, ਸੀ.ਡੀ.ਪੀ.ਓ. ਵਿਭਾਗ, ਸਿਹਤ ਵਿਭਾਗ, ਮਗਨਰੇਗਾ, ਜਲ-ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਐਨ.ਆਰ.ਐਲ.ਐਮ. ਦੇ ਅਧਿਕਾਰੀਆਂ ਵੱਲੋਂ ਵੀ ਪੇਂਡੂ ਵਿਕਾਸ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ।